ਸਰਸਾ ਜਾਂ ਸਿਕੰਦਰ ..
ਅੱਜ ਦਾ ਸਮਾਂ ਪੰਜਾਬੀ ਫ਼ਿਲਮਾ ਲਈ ਕਾਫੀ ਲਾਹੇਮੰਦ ਹੋ ਰਿਹਾ ਹੈ ਇਹ ਗੱਲ ਭਾਵੇ ਠੀਕ ਨਾ ਹੋਵੇ ਪਰ ਅੱਜ ਦੇ ਕਲਾਕਾਰਾਂ ਅਤੇ ਗਾਉਣ ਵਾਲਿਆਂ ਨੂੰ ਓਹਨਾ ਦੇ ਕੰਮ ਦਾ ਮਿਹਨਤਾਨਾ ਜਰੂਰ ਮਿਲ ਰਿਹਾ, ਅੱਜ ਕੱਲ ਦੀਆਂ ਜਿਆਦਾਤਰ ਫਿਲਮਾਂ ਚੁਟਕਲਿਆਂ ਜਾਂ ਫੋਨ ਦੇ ਐਸ ਐਮ ਐਸ (s m s ) ਤੇ ਅਧਾਰਿਤ ਹੋ ਕੇ ਰਹਿ ਗਈਆਂ ਹਨ। ਇਸ ਸਮੇਂ ਵਿੱਚ ਜਤਿੰਦਰ ਮੋਹਰ ਅਤੇ ਦਲਜੀਤ ਅੰਮੀ ਨੇ ਪੰਜਾਬ ਦੇ ਮੋਜੂਦਾ ਹਾਲਾਤਾਂ ਨੂੰ ਲੈ ਕਿ ਇਕ ਸਮਾਜਿਕ ਪਰ ਵਪਾਰਕ ਫਿਲਮ "ਸਰਸਾ" ਬਣਾਉਣ ਦਾ ਬਹੁਤ ਸੁਹਿਰਦ ਤੇ ਅੋਖਾ ਯਤਨ ਕੀਤਾ ਗਿਆ ਜੋ "ਸਿਕੰਦਰ" ਦੇ ਰੂਪ ਵਿੱਚ ਪੇਸ਼ ਕੀਤੀ ਗਈ। ਇਹ ਫਿਲਮ ਆਪਣੇ ਨਾਲ ਜੁੜੇ ਮੁਦਿਆਂ ਜਾਂ ਵਿਵਾਦਾਂ ਕਾਰਣ ਆਪਣੇ ਆਪ ਵਿੱਚ ਇਕ ਯਾਦਗਾਰ ਜਰੂਰ ਬਣ ਗਈ ਜਾਂ ਬਣ ਜਾਵੇਗੀ।
ਜੇ ਗੱਲ ਕਰੀਏ ਫਿਲਮ ਦੀ ਤਾਂ 110 ਮਿੰਟਾਂ ਚੋੰ ਪ੍ਰਡਊਸਰ ਅਤੇ ਡਿਸਟਰੀਬਊਟਰ ਦੀ ਸੋਚ ਦੇ 30 ਮਿੰਟ ਕੱਡ ਦਿੱਤੇ ਜਾਣ ਤਾਂ ਮਗਰ 80 ਮਿੰਟ ਪੰਜਾਬ ਦੇ ਅੱਜ ਦੇ ਤਰਾਸਦੀ ਭਰੇ ਮਾਹੋਲ ਦੀ ਮੂੰਹ ਬੋਲਦੀ ਤਸਵੀਰ ਹੈ। ਇਹ 80 ਮਿੰਟਾਂ ਦੀ ਜਤਿੰਦਰ ਅਤੇ ਦਲਜੀਤ ਓਨਾਂ ਦੀ ਫਿਲਮੀ ਕੋਸ਼ਿਸ ਤੇ ਸਰਮਾਏਦਾਰਾਂ ਦੇ 30 ਮਿੰਟ ਭਾਰੀ ਨਹੀ ਪੇਣੇ ਚਾਹੀਦੇ ਕਿਓਕੇੰ ਇਹਨਾਂ 80 ਮਿੰਟਾਂ ਪਿਛੇ ਵਰਿਆਂ ਦੀ ਮੀਡਿਆ,ਕਿਤਾਬਾਂ,ਬਲੋਗਾ ਰਾਹੀ ,ਆਪਾ ਛੱਡ ਸਮਾਜਿਕ ਲੋਕਾਂ ਅਤੇ ਜਥੇਬੰਦੀਆਂ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਵਾਲੇ ਬੰਦਿਆਂ ਦੀ ਅਣਥੱਕ ਮਿਹਨਤ ਹੈi
ਫਿਲਮ ਸ਼ੁਰੂ ਹੁੰਦੀ ਹੈ ਇੱਕ ਪੰਜਾਬੀ ਮੁਟਿਆਰ ਦੇ ਮਰਦ ਪ੍ਰਧਾਨ ਸਮਾਜ ਵਿੱਚ ਬਰਾਬਰੀ ਦਾ ਹੱਕ ਲੈਣ ਵਾਲੇ ਦ੍ਰਿਸ਼ ਤੋਂ , ਫਿਰ ਯੂਨੀਵਰਸਿਟੀ ਵਿਚ ਬਾਹਰਲੇ ਬੰਦਿਆਂ ਦੁਆਰਾ ਚਲਾਈ ਜਾਂਦੀ ਰਾਜਨੀਤੀ ਫਿਲਮ ਨੂੰ ਅੱਗੇ ਲੈ ਕੇ ਜਾਂਦੀ ਹੈ। ਫਿਲਮ ਵਿੱਚ ਹਰ ਤਰਾਂ ਦੇ ਵਰਗ ਨਾਲ ਅੱਜ ਕੱਲ ਹੋ ਰਹੇ ਵਰਤਾਰੇ ਦਾ ਜਿਕਰ ਹੈ। ਕਿਸ ਤਰਾਂ ਵਿਦਿਅਕ ਅਦਾਰਿਆਂ ਵਿੱਚ ਸਰਕਾਰੀ ਵਾਸਿੰਦੀਆਂ, ਪੁਰਾਣੇ ਵਿਦਿਆਰਥੀਆਂ, ਗੁੰਡਿਆਂ , ਸਰਮਾਏਦਾਰਾਂ ਦਾ ਦਖਲ ਹੈ। ਕਿਸ ਤਰਾਂ ਪਿੰਡਾਂ ਦੇ "ਫੇੰਸੀ " ਜਿਹੇ ਭੋਲੇ ਭਾਲੇ ਮੁੰਡੇ ਕੁੜੀਆਂ ਸ਼ਹਿਰ ਦੀ ਚਕਾਚੋੰਧ ਵਿਛ ਫਸ ਗਏ, ਉਹਨਾਂ ਨੂੰ ਸ਼ਹਿਰ ਦੇ ਵਾਸਿਦੀਆਂ ਦੀ ਮਿਹਨਤ ਘੱਟ ਪਰ ਕਾਰਾਂ-ਕੋਠੀਆਂ ਵੱਧ ਦਿਖਦੀਆਂ ਨੇ। ਸ਼ਹਿਰੀਆਂ ਦੇ ਜੀਵਣ ਦਾ ਨਿਜਮਬੰਧ ਤੋਰ ਤਰੀਕੇ ਵੱਲ ਕੋਈ ਨੋਜਵਾਨ ਨਜਰ ਨਹੀ ਮਾਰਦਾ।
ਫਿਲਮ ਤੋਂ ਆਮ ਆਦਮੀ ਨੂੰ ਪਤਾ ਲੱਗਦਾ ਹੈ ਕਿ ਕਿਸ ਤਰਾਂ ਪੰਜਾਬ ਦੀ ਜਵਾਨੀ ਸਮਾਜ ਵਿਗਾੜਣ ਜਾਂ ਸੁਧਾਰਣ ਚ' ਵਰਤੀ ਜਾ ਰਹੀ ਹੈ। ਫਿਲਮ ਦਾ ਇੱਕ ਇੱਕ ਦ੍ਰਿਸ਼ ਆਪਣੇ ਆਪ ਵਿੱਚ ਪੰਜਾਬ ਦੇ ਵਿੱਚ ਹੋ ਰਹੇ ਵਰਤਾਰੇ ਨੂੰ ਪੇਸ਼ ਕਰਦਾ ਹੈ। ਚਾਹੇ ਓਹ ਕਿਸਾਨਾਂ ਵੱਲੋਂ ਕੀਤੀਆਂ ਖੁਦਕੁਸੀਆਂ,ਕੁੜੀਆਂ ਨਾਲ ਹੁੰਦੀ ਛੇੜ ਛਾੜ , ਨਸਿਆਂ 'ਚ ਫਸੇ ਨੋਜਵਾਨਾਂ ਦੀ ਕਹਾਣੀ, ਆਪਸੀ ਖੁੰਦਕ,ਯੂਨੀਵਰਸਿਟੀ ਵਿੱਚ ਤਿਆਰ ਹੋ ਰਹੀ ਬਾਬੂ ਪੀੜੀ, ਸ਼ਹਿਰ 'ਚ ਧੰਦਿਆਂ ਤੇ ਕਾਬਜ ਹੋ ਰਿਹਾ ਮਾਫ਼ੀਆ, ਗੱਲ ਕੀ ਹਰ ਇੱਕ ਪੰਜਾਬ ਦੀ ਤ੍ਰਾਸਦੀ ਨੂੰ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ ਕੀਤੀ ਹੈ ਫ਼ਿਲਮਸਾਜ ਤੇ ਲੇਖਕਾਂ ਨੇ।
ਅਦਾਕਾਰੀ ਬਾਬਤ ਹਰ ਇੱਕ ਦਾ ਕੰਮ ਸ਼ਲਾਘਾਯੋਗ ਹੋ ਨਿਬੜਿਆ ਜਿਥੇ ਕਰਤਾਰ ਚੀਮੇ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਓਥੇ ਯਾਦ ਗਰੇਵਾਲ ਦਾ ਕਿਰਦਾਰ ਸਭ ਦਾ ਦਿਲ ਲੁੱਟ ਕੇ ਲੈ ਗਿਆ। ਭਾਵੇ ਸਮੀਰ ਅਤੇ ਹਸਨ ਦੇ ਕਿਰਦਾਰਾਂ ਤੇ ਵਪਾਰਕ ਸੋਚ ਰੱਖਣ ਵਾਲੇ ਫਿਲਮ ਤੇ ਪੈਸਾ ਲਾਓਣ ਵਾਲੇ ਲੋਕਾਂ ਦੀ ਤਿੱਖੀ ਕੈਂਚੀ ਚੱਲੀ ਸਾਫ਼ ਨਜ਼ਰ ਆਉਂਦੀ ਹੈ, ਪਰ ਇਹਨਾਂ ਦੋ ਕਿਰਦਾਰਾਂ ਨਾਲ ਹੀ ਫਿਲਮ ਦੀ ਕਹਾਣੀ ਦੀ ਅਸਲੀ ਰੂਹ ਸਮਝ ਆਓਂਦੀ ਹੈ। ਬੇਅੰਤ ਦੇ ਕਿਰਦਾਰ ਵਿਚ ਗੁਲ ਪਨਾਗ ਦੀ ਅਦਾਕਾਰੀ ਬਾਕਮਾਲ ਸੀ, ਲਗਦਾ ਸੀ ਕਿ ਉਹ ਆਪਣੀ ਹੱਡਬੀਤੀ ਆਪ ਪਰਦੇ ਤੇ ਪੇਸ਼ ਕਰ ਰਹੀ ਹੋਵੇ। ਫਿਲਮ ਦਾ ਹਰ ਕਿਰਦਾਰ ਆਪਣੇ ਆਪ ਵਿੱਚ ਬਰਾਬਰ ਦਾ ਹੈ, ਚਾਹੇ ਉਹ ਹਰਦੀਪ ਗਿੱਲ ਦੀ 2 ਮਿੰਟਾਂ ਦੀ ਕਿਸਾਨ ਨੇਤਾ ਦੀ ਅਦਾਕਾਰੀ,ਸੁੱਖਾ ਨਚਾਰ,ਫੇੰਸੀ, ਫਤਿਹ ਦਾ ਆਪਾ ਵਾਰ ਸੱਤਾ 'ਚ ਰਹਿਣ ਦਾ ਜਨੂੰਨ ਵਾਲਾ ਕਿਰਦਾਰ,ਹੋਰ ਸਾਰੇ ਸਹਾਇਕ ਕਿਰਦਾਰ ਜਾਂ ਫਿਰ ਲਾਲੇ,ਸਿਕੰਦਰ,ਬੇਅੰਤ,ਹਰਜੰਗ ਹੁਰਾਂ ਦੇ ਮੁੱਖ ਕਿਰਦਾਰ। ਫਿਲਮ ਦੀ ਪ੍ਰਮੋਸ਼ਨ ਵਿੱਚ ਜਿਸ ਤਰਾਂ ਇਕ ਕਿਰਦਾਰ ਜਾਂ ਵਿਸ਼ੇ ਨੂੰ ਹੀ ਦਿਖਾਇਆ ਗਿਆ ਹੈ ਅਜਿਹਾ ਫਿਲਮ ਵਿਚ ਨਜ਼ਰ ਨਹੀ ਆਉਂਦਾ ਹਰ ਕੋਈ ਫਿਲਮ ਵਿੱਚ ਬਰਾਬਰ ਦਾ ਹੱਕਦਾਰ ਹੈ।
ਫਿਲਮ ਦੀ ਕਹਾਣੀ ਪੰਜਾਬ ਦੇ ਅੱਜ ਕਲ ਚੱਲ ਰਹੇ ਵਰਤਾਰੇ ਨੂੰ ਬਖੂਬੀ ਪੇਸ਼ ਕਰਦੀ ਹੈ, ਤੁਹਾਨੂੰ ਹਰ ਇੱਕ ਫਿਲਮ ਦਾ ਕਿਰਦਾਰ ਆਪਣੇ ਆਲੇ ਦੁਆਲੇ ਦੀ ਜਿੰਦਗੀ ਵਿਚ ਤੁਰਿਆ ਫਿਰਦਾ ਦਿਖਦਾ ਹੈ। ਫਿਲਮ ਵਿਚ ਵਰਤਿਆ ਅਸਲਾ ਕਈ ਵਾਰੀ ਲੋੜ ਤੋਂ ਵਧ ਲਗਦਾ ਹੈ।ਫਿਲਮ ਦਾ ਬਹੁਤ ਹੀ ਕਮਜੋਰ ਪੱਖ ਇਸਦਾ ਸੰਗੀਤ ਹੈ,ਜਿੱਥੇ ਫਿਲਮ ਦੇ ਸੰਵਾਦ ਬਹੁਤ ਹੀ ਸੋਚੇ ਸਮਝੇ ਤੇ ਮੁਦਿਆਂ ਤੇ ਸਿੱਧੀ ਚੋਟ ਕਰਨ ਵਾਲੇ ਸਨ ਓਥੇ ਜਿਆਦਾਤਰ ਗੀਤ ਫੋਕੀ ਤੇ ਬੇਜਾਨ ਤੁਕਬੰਦੀ ਦੀ ਜੁਓੰਦੀ ਜਾਗਦੀ ਮਿਸਾਲ ਹਨ, ਅਖੀਰ ਤੇ ਧੱਕੇ ਨਾਲ ਪਾਇਆ ਗੀਤ ਫਿਲਮ ਦੀ ਰੂਹ ਨੂੰ ਕਿਤੇ ਹੋਰ ਹੀ ਲੈ ਜਾਂਦਾ ਹੈ। ਡਿਸਟਰੀਬੂਟਿਰ ਆਪਣਾ ਸੁਪਨਾ ਪੂਰਾ ਕਰਨ ਦੇ ਚੱਕਰ ਵਿੱਚ ਫਿਲਮ ਦੀ ਰੀਡ ਦੀ ਹੱਡੀ ਤੋੜ ਗਿਆ। ਯੂਟੂਬ ਤੇ ਪਿਛਲੇ ਸਾਲ ਫਿਲਮ ਦੀ ਅਪਡੇਟ ਕਰਨ ਲਈ ਪਾਏ "ਅਗਨੀ ਬੈਡਂ" ਦੇ ਗੀਤ ਕਿਤੇ ਵੀ ਫਿਲਮ 'ਚ ਨਜ਼ਰ ਨਹੀ ਆਏ।
ਇਹਨੇ ਸਾਰੇ ਕਲਾਕਾਰਾਂ ਦੀ ਚੋੰਣ ਅਤੇ ਉਹਨਾਂ ਤੋੰ ਆਹਲਾ ਦਰਜੇ ਦੀ ਅਦਾਕਾਰੀ ਕਰਾਉਣ ਲਈ ਜਤਿੰਦਰ ਮੋਹਰ ਦੀ ਦਾਦ ਦੇਣੀ ਬਣਦੀ ਹੈ। ਉਹਨਾਂ ਵੱਲੋਂ ਫਿਲਮ ਪ੍ਰਡਿਊਸਰਾਂ ਖਿਲਾਫ਼ ਵਿੱਢੀ ਲੜਾਈ ਨੂੰ ਫਿਲਮ ਦੇ ਅਖੀਰ ਵਿੱਚ "ਬੇਅੰਤ"ਨੂੰ ਗੁੰਡੇ ਬਦਮਾਸ ਤੇ ਉਸਨੂੰ ਆਪਣੀ ਸਮਝਣ ਵਾਲੇ "ਸਿਕੰਦਰ"ਦੀ ਯਾਦ ਵਿੱਚ ਦਿਖਾਉਣਾ ਸਹੀ ਸਾਬਤ ਕਰਦਾ ਹੈ। ਜੇ ਕਿਸੇ ਦੁਆਰਾ 5-6 ਸਾਲਾਂ ਦੀ ਸਮਾਜ ਪੱਖੀ ਮਿਹਨਤ ਨੂੰ ਆਪਣੇ ਨਿੱਜੀ ਅਤੇ ਵਿੱਤੀ ਫਾਇਦੇ ਲਈ ਅਸਮਾਜਿਕ ਬਣਾ ਦਿੱਤਾ ਜਾਵੇ ਤਾਂ ਗੁੱਸਾ ਆਉਣਾ ਜਾਇਜ ਹੈ। ਇਸ ਫਿਲਮ ਨਾਲ ਤਾਂ ਉਹੀ ਹੋਇਆ ਜੋ ਇਸ ਫਿਲਮ ਦੇ ਜਰੀਏ ਜਤਿੰਦਰ ਹੋਰੀ ਲੋਕਾਂ ਸਾਮ੍ਹਣੇ ਪੇਸ਼ ਕਰਣਾ ਚਾਹੁੰਦੇ ਸੀ, ਸਰਮਾਏਦਾਰਾਂ ਦੇ ਖਿਲਾਫ਼ ਜਾਣ ਵਾਲੀ ਫਿਲਮ ਨੂੰ ਉਹਨਾਂ ਹੀ ਲਾਲਚੀ ਲੋਕਾਂ ਨੇੰ ਬਦਲਣ ਦੀ ਪੂਰੀ ਕੋਸ਼ਿਸ ਕੀਤੀ, ਪਰ ਉਹ ਭੁੱਲ ਗਏ ਕੀ ਸੋਚ ਕਦੇ ਨੀ ਮਰਦੀ ਇੱਕ ਨਾਂ ਇੱਕ ਦਿਨ ਜਰੂਰ ਸਾਹਮਣੇ ਆਉਦੀ ਹੈ। ਇਸ ਫਿਲਮ ਤੋਂ ਲਿਖਣ ਵਾਲਿਆਂ, ਚੰਗੇੰ ਫ਼ਿਲ੍ਮਕਾਰਾਂ ਨੂੰ ਸਬਕ ਸਿਖਣਾ ਚਾਹੀਦਾ ਹੈ ਨਾਂ ਕਿ ਨਿਰਾਸ਼ ਹੋਣਾ। ਉਹਨਾਂ ਨੂੰ ਫਿਲਮ ਸ਼ੁਰੂ ਕਰਨ ਤੋਂ ਪਹਿਲਾ ਕੋਈ ਦਸਤਾਵੇਜ ਜਰੂਰ ਹਸਤਾਖਰ ਕਰਾ ਲੈਣਾ ਚਾਹੀਦਾ ਹੈ ਤਾਂ ਕੀ ਬਾਅਦ ਵਿੱਚ ਕੋਈ ਇਸ ਤਰਾਂ ਧੱਕਾ ਨਾਂ ਕਰ ਸਕੇ। ਇਨਾਂ ਕੁੱਝ ਬਦਲਣ ਤੋਂ ਬਾਅਦ ਵੀ ਇਹ ਫਿਲਮ ਬਹੁਤ ਹੀ ਦਿਲ ਨੂੰ ਟੁਬਣ ਵਾਲੀ ਹੈ, ਇਸ ਨੂੰ ਦੇਖ ਕੇ ਹਰ ਨੋਜੁਆਨ ਸੋਚੇਗਾ ਜਰੂਰ ਕਿ ਕੀ ਮੇਰੇ ਲਈ ਠੀਕ ਹੈ ਕੀ ਗਲਤ। ਹੁਣ ਦਰਸ਼ਕਾਂ ਨੂੰ ਵੀ ਆਪਣੀ ਜਿਮੇਵਾਰੀ ਸਮਝਣੀ ਪਵੇਗੀ ਤੇ ਚੰਗੀ ਫਿਲਮ ਬਣਾਉਣ ਵਾਲੇ ਲੋਕਾਂ ਦਾ ਹਰ ਤਰਾਂ ਨਾਲ ਸਾਥ ਦੇਣਾ ਪਵੇਗਾ, ਤਾਂ ਕਿ ਸਰਮਾਏਦਾਰ ਚੰਗੀ ਫਿਲਮ ਨੂੰ ਬਦਲਣ ਤੋਂ ਪਹਿਲਾ ਸੋ ਵਾਰੀ ਸੋਚਣ ਨਾਂ ਕੀ ਦੇਖਣ ਵਾਲਿਆਂ ਨੂੰ ਭੇਡਾਂ ਬੱਕਰੀਆਂ ਸੱਮਝ ਕੇ ਇੱਕੋਂ ਤਰਾਂ ਦਾ ਸਿਨਮਾਂ ਪਰੋਸੀ ਜਾਣ..
ਫਿਲਮ ਦੀ ਪ੍ਰਮੋਸਨ ਵਿੱਚ ਵੀ "ਸਿਕੰਦਰ" "ਸਰਸਾ" ਤੇ ਭਾਰੂ ਰਿਹਾ। ਫਿਲਮ ਦੀ ਪ੍ਰਮੋਸਨ ਨਾਲ ਜੁੜਿਆ ਹਰ ਇਨਸਾਨ ਸਿਕੰਦਰ ਦੇ ਗੁਣਗਾਣ ਕਰਦਾ ਰਿਹਾ ਇਸ ਗੱਲ ਤੋਂ ਇਹ ਤਾਂ ਸਿੱਧ ਹੋ ਗਿਆ ਕਿ ਉਹਨਾਂ ਦੀ ਇਤਹਿਆਸ ਬਾਰੇ ਜਾਣਕਾਰੀ ਕਿੰਨੀ ਕੁ ਹੈ! ਉਹ ਸਿਕੰਦਰ ਨੂੰ ਇੱਕ ਜੇਤੂ ਦੇ ਰੂਪ ਵਿੱਚ ਹੀ ਜਾਣਦੇ ਹਨ। ਪ੍ਰੀਮੀਅਰ ਤੇ ਵੀ ਇਕ ਸੱਜਣ ਜੋ ਆਪ 84 ਦੀ ਨਸਲਕੁਸੀ ਵਾਰੇ ਬਹੁਤ ਆਵਾਜ ਬੁਲੰਦ ਕਰਦਾ ਰਹਿੰਦਾਂ ਉਹ ਵੀ "ਸਿਕੰਦਰ" ਦੇ ਵਹਾ ਵਿੱਚ ਡੁੱਬ ਗਿਆ , ਬਹੁਤ ਦੁੱਖ ਹੁੰਦਾ ਹੈ ਜਦੋਂ ਝੂਠੀਆਂ ਸੋਹਰਤਾਂ ਲਈ ਇਦਾਂ ਕੋਈ ਕਰਦਾ ਹੈ।
ਇਸ ਫਿਲਮ ਦੇ ਇੰਝ ਵਿਵਾਦਾਂ ਵਿੱਚ ਘਿਰਨ ਨਾਲ ਇਹ ਸਾਫ਼ ਹੋ ਗਿਆ ਕਿ ਪੰਜਾਬੀ ਫਿਲਮਾਂ ਨਾਲ ਜੁੜੇ ਬੁਹਤੇ ਲੋਕ ਵਿੱਤੀ ਅਤੇ ਸੋਹਰਤ ਲਈ ਹੀ ਪ੍ਰੋਪਰਟੀ ਡੀਲਿੰਗ ਤੋਂ ਸਿਨੇਮਾ ਵਪਾਰ ਵੱਲ ਆਏ ਹਨ। ਪਰ ਜੇ ਸਮਾਜ ਗੁੰਡਾਗਰਦੀ ਦੇ ਸਿਰ ਤੇ ਚੱਲ ਰਿਹਾ ਤਾਂ ਫਿਲਮਾਂ ਵੀ ਤਾਂ ਉਸ ਸਮਾਜ ਦੀਆਂ ਹਿੱਸਾ ਨੇ। ਹੁਣ ਮੋਕਾ ਹੈ ਉਹਨਾਂ ਕਲਾਕਾਰਾਂ ਜਾਂ ਪ੍ਰੋਡੂਸਰਾਂ ਲਈ ਜੋ ਆਪਣੇ ਆਪ ਨੂੰ ਪੰਜਾਬੀ ਸਿਨੇਮਾ ਜਾਂ ਭਾਸ਼ਾ ਨੂੰ ਅੱਗੇ ਲੈਕੇ ਆਉਣ ਵਿੱਚ ਆਪਣਾ ਵੱਡਾ ਯੋਗਦਾਨ ਮੰਨਦੇ ਨੇ, ਉਹ ਆਉਣ ਤੇ "ਸਰਸਾ"ਜਿਹੀਆਂ ਫਿਲਮਾਂ ਨੂੰ "ਸਿਕੰਦਰ" ਬਣਨ ਤੋ ਰੋਕਣ ਲਈ ਆਪਣਾ ਵਿੱਤੀ ਤੇ ਸਮਾਜਿਕ ਯੋਗਦਾਨ ਪਾਉਣ। ਕਿਓਕਿ ਹੁਣ ਪੰਜਾਬੀ ਫਿਲਮਾਂ ਘਾਟੇ ਦਾ ਸੋਦਾ ਨਹੀ ਤੇ ਜੇ ਫਿਲਮ ਚੰਗੀ ਹੈ ਤਾਂ ਲੋਕ ਦੇਖਣ ਜਰੂਰ ਆਉਣਗੇ।
ਇਹ ਸੁਹਿਰਦ ਫਿਲਮ ਇਸ ਤਰਾਂ ਵਿਵਾਦਾਂ ਵਿੱਚ ਸਾਮਿਲ ਹੋ ਕੇ ਨਿੱਜੀ ਲਾਭਾਂ ਵਿੱਚ ਗੁੰਮ ਹੋ ਕੇ ਨਾਂ ਰਹਿ ਜਾਵੇ। ਪੰਜਾਬੀ ਸਿਨੇਮੇ ਦੀ ਇੱਕ ਮੀਲਪੱਥਰ ਸਾਬਤ ਹੋਣ ਵਾਲੀੰ ਇਸ ਫਿਲਮ ਨਾਲ ਹੋਏ ਵਰਤਾਰੇ ਦਾ ਹਮੇਸਾਂ ਸੋਗ ਰਹੇਗਾ।
No comments:
Post a Comment