Thursday, 4 July 2013

ਕਲੀਆਂ ਦੇ ਸ਼ਹਿਨਸ਼ਾਹ ਹਜ਼ੂਰਾ ਸਿੰਘ ਦੀ ਹਜ਼ੂਰੀ ਵਿੱਚ (ਡਾ ਨਿਰਮਲ ਸਿੰਘ )

                   ਇਤਿਹਾਸ, ਭੂਗੋਲ, ਬੋਲੀ ਤੇ ਸਿਆਸਤਾਂ ਨੇ ਪੰਜਾਬ ਦੀਆਂ ਹੱਦਾਂ-ਸਰਹੱਦਾਂ ਦੀ ਕਦੇ ਵੀ ਸਹੀ ਨਿਸ਼ਾਨਦੇਹੀ ਨਹੀਂ ਹੋਣ ਦਿੱਤੀ। ਇਹ ਮੁੱਦਾ ਹਰ ਦੌਰ ਵਿਚ ਈ ਲੜਾਈਆਂ, ਝਗੜਿਆਂ ਤੇ ਫਸਾਦਾਂ ਦਾ ਮੁੱਢ ਬਣਦਾ ਰਿਹਾ ਹੈ। ਇਹਦੇ ਪਿਛੋਕੜ ਵਿਚ ਚੱਕ-ਥਲ ਕਰਨ ਵਾਲੇ ਘੜੰਮ ਚੌਧਰੀਆਂ, ਤਿਗੜਮਬਾਜ਼ ਸਿਆਸਤਦਾਨਾਂ, ਜਨੂੰਨੀ ਮਜ਼੍ਹਬੀ ਆਗੂਆਂ ਅਤੇ ਪੰਜਾਬੀਆਂ ਨੂੰ ਢੱਗਿਆਂ ਵਾਂਗੂੰ ਵਾਹੁਣ ਵਾਲੇ ਗੈਰ ਪੰਜਾਬੀ ਹੁਕਮਰਾਨਾਂ ਦੀਆਂ ਚਾਲਾਂ ਤੇ ਚਲਾਕੀਆਂ ਰਹੀਆਂ ਨੇ। ਇਹ ਇਕ ਅਲੱਗ ਵਿਸ਼ਾ ਹੈ।
                   ਪੰਜਾਬ ਨੂੰ ਸਹੀ ਅਰਥਾਂ ਵਿਚ ਜੋੜ ਕੇ ਰੱਖਣ ਵਾਲੀ, ਇਜ਼ਤਦਾਰ, ਆਦਰਯੋਗ, ਅਣਖਾਂ ਵਾਲੀ, ਮਨੁੱਖੀ ਆਜ਼ਾਦੀਆਂ ਦੀ ਅਲੰਬਰਦਾਰ ਇਕ ਪੰਜਾਬਣ ਕੁੜੀ ਏ ਜੀਹਦਾਂ ਨਾਂ ਹਰ ਪੰਜਾਬੀ ਗੱਭਰੂ, ਮੁਟਿਆਰ, ਬੁੱਢੇ ਠੇਰੇ ਤੀਕ ਨੂੰ ਧੁਰ ਅੰਦਰੋਂ ਝੰਜੋੜ ਸੁੱਟਦਾ ਏ, ਨਸ਼ਿਆ ਦਿੰਦਾ ਏ, ਸਵੈਮਾਨ ਨਾਲ ਭਰ ਦਿੰਦਾ ਹੈ। ਤਰੋ ਤਾਜ਼ਾ ਕਰ ਕੇ ਮਨਾਂ ਨੂੰ ਸਕੂਨ, ਰੂਹਾਂ ਨੂੰ ਤਾਜ਼ਗੀ ਤੇ ਜਿਸਮਾਂ ਨੂੰ ਬਲ ਬਖਸ਼ਦਾ ਏ। ਹੈਰਾਨੀ ਉਦੇ ਹੁੰਦੀ ਏ ਜਦੋਂ ਸਾਡੇ ਉਤੇ ਕੁੜੀਮਾਰਾਂ ਤੇ ਔਰਤਾਂ ਤੇ ਜ਼ੁਲਮ ਕਰਨ ਦੀਆਂ ਸੱਚੀਆਂ ਝੂਠੀਆਂ ਤੋਹਮਤਾਂ ਲੱਗਦੀਆਂ ਨੇ। ਇਕ ਪਾਸੇ ਅਸੀਂ ਰੰਨਾਂ ਨੂੰ ਘਰ ਪਾੜਨ, ਪੁਆੜਿਆਂ ਦੀਆਂ ਜੜ੍ਹਾਂ, ਲੜਾਈਆਂ ਝਗੜਿਆਂ ਤੇ ਕਤਲਾਂ ਦੇ ਕਾਰਨ ਸਮਝਦੇ ਆਂ ਤੇ ਦੂਜੇ ਪਾਸੇ ਉਹੋ ਹੀ ਸਾਡੇ ਲਈ ਦੇਵੀਆਂ, ਪੂਜਣਯੋਗ ਹਸਤੀਆਂ, ਕਿੱਸਿਆਂ ਕਹਾਣੀਆਂ ਦੀਆਂ ਧੁਰੀਆਂ, ਹੱਕ ਸੱਚ ਲਈ ਮਰ ਮਿਟਣ ਵਾਲੀਆਂ, ਸੱਚੇ ਸੁੱਚੇ ਇਖਲਾਕ ਤੇ ਪਹਿਰਾ ਦੇਣ ਵਾਲੀਆਂ ਸਾਡੀਆਂ ਪ੍ਰੇਰਨਾਵਾਂ ਦੇ ਸੋਮੇ ਦਿਖਾਈ ਦਿੰਦੀਆਂ ਨੇ। ਅਜਿਹੀਆਂ ਪੰਜਾਬ ਦੀਆਂ ਧੀਆਂ, ਸਾਡੇ ਦਰਿਆਵਾਂ ਦਾ ਅੰਮ੍ਰਿਤ ਵਰਗਾ ਪਾਣੀ ਪੀ ਪੀ, ਬੂਰੀਆਂ ਦੇ ਡੋਕੇ ਚੁੰਘ ਚੁੰਘ ਹੋਈਆਂ ਮੁਟਿਆਰਾਂ, ਮੂੰਹੋਂ ਬੋਲਦੀ ਜੁਆਨੀ ਵੇਲੇ ਇਸ਼ਕ ਦੇ ਦਰਿਆ ਤਰਦੀਆਂ, ਸੁੱਘੜ ਸਿਆਣੀਆਂ ਹੋ ਕੇ ਇੱਜ਼ਤਦਾਰ ਸੁਆਣੀਆਂ ਬਣਦੀਆਂ ਤੇ ਬੁੱਢੇ ਵਾਰੇ ਮਾਈਆਂ ਦਾ ਰੁਤਬਾ ਮਾਣਦੀਆਂ ਸਾਡੇ ਕਿੱਸੇ ਕਹਾਣੀਆਂ ਦਾ ਤਾਣਾ ਬਾਣਾ ਤਣਦੀਆਂ ਨੇ। ਇਹਨਾਂ ਸਾਰੀਆਂ 'ਚੋਂ ਸਿਰਮੌਰ, ਸਿਰਕੱਢ ਤੇ ਕੱਦਾਵਰ ਕਿਰਦਾਰ ਵਾਲੀ ਪੰਜਾਬਣ ਝਨ੍ਹਾਂ ਕੰਢੇ ਵੱਸਦੇ ਝੰਗ ਵਾਲੇ ਸਿਆਲ ਜੱਟਾਂ ਦੀ ਧੀ 'ਹੀਰ ’ ਏ। ਏਸ ਕੁੜੀ ਦਾ ਨਾਂ ਸੁਣਨਾ ਸਾਡੇ ਕੰਨਾਂ ਨੂੰ ਚੰਗਾ ਚੰਗਾ ਲੱਗਦਾ ਏ। ਤਨ ਬਦਨ ਨੂੰ ਇਕ ਦਮ ਸੁਚੇਤ ਕਰ ਕੇ ਸਾਧਾਰਨ ਬੰਦੇ ਨੂੰ ਵੀ ਸੋਝੀਵਾਨ ਸਰੋਤਾ ਬਣਾ, ਸੁੱਤੇ ਪਏ ਨੂੰ ਜਗਾ ਤੇ ਬੁੱਢੇ ਨੂੰ ਗਭਰੀਟਾਂ ਦੀ ਉਮਰ ਵਿਚ ਪੁਚਾ ਸਕਣ ਦੀ ਸਮਰੱਥਾ ਰੱਖਦਾ ਹੈ। ਪੰਜਾਬ ਦੇ ਰੋਗੀਆਂ ਦੇ ਅੱਧੇ ਰੋਗ ਸਿਰਫ ਹੀਰ ਦੀਆਂ ਕਲੀਆਂ ਜਾਂ ਬੈਂਤਾਂ ਸੁਣਨ ਨਾਲ ਈ ਕੱਟੇ ਜਾਂਦੇ ਨੇ। ਉਹਨਾਂ ਦੀਆਂ ਅਧਮੀਟੀਆਂ ਅੱਖਾਂ ਖੁੱਲ੍ਹ ਜਾਂਦੀਆਂ ਨੇ, ਉਹਨਾਂ ਦੇ ਅੰਗਾਂ ਪੈਰਾਂ 'ਚ ਹਰਕਤ ਹੋਣੀ ਸ਼ੁਰੂ ਹੋ ਜਾਂਦੀ ਏ ਤੇ ਉਹ ਮੰਜੇ ਤੇ ਪਏ ਪਏ ਉੱਠ ਬੈਠਦੇ ਨੇ।
         ਪੰਜਾਬ ਦੀਆਂ ਅਸਲ ਹੱਦਾਂ ਉਥੋਂ ਤੀਕ ਨੇ ਜਿਥੋਂ ਤਾਈਂ ਆਮ ਲੋਕਾਈ ਵਿਚ ਹੀਰ ਦਾ ਨਾਂ ਸੁਣ ਕੇ ਆਹ ਕੁਝ ਵਾਪਰੇ। ਘੱਗਰ-ਜਮਨਾ ਦੇ ਕੰਢਿਆਂ ਤੋਂ ਤੁਰ ਸਿੰਧ ਦੇ ਕਿਨਾਰਿਆਂ ਤੀਕ ਬਰਫਾਂ ਦੀ ਚਾਦਰ ਵਾਲੀਆਂ ਕਾਂਗੜੇ, ਕੁੱਲੂ, ਕਸ਼ਮੀਰ ਦੀਆਂ ਪਹਾੜੀ ਚੋਟੀਆਂ ਤੋਂ ਲੈ ਕੇ ਸਿੰਧ ਰਾਜਸਥਾਨ ਦੇ ਟਿੱਬਿਆਂ ਤੱਕ ਦਾ ਦੇਸ ਅਸਲ ਵਿਚ ਹੀਰ ਦਾ ਘਰ ਜਾਂ ਪੰਜਾਬ ਹੈ। ਏਸ ਪੰਜਾਬ ਦੇ ਏਡੇ ਵੱਡੇ ਲੰਬ-ਚੌੜਾਅ ਵਿਚ ਕਈ ਦੁਆਬੇ, ਮਾਝਾ, ਪੋਠੋਹਾਰ, ਥਲ, ਡੂਗਰ, ਪੁਆਧ, ਪਚਾਧ, ਮਾਲਵਾ, ਬਾਰ, ਜੰਗਲ, ਬਾਂਗਰ, ਬੇਟ,   ਕੰਢੀ ਮੰਡ ਵਰਗੇ ਨਾਵਾਂ ਵਾਲੇ ਖਿੱਤੇ ਨੇ। ਇਹਨਾਂ ਸਾਰਿਆਂ 'ਚ ਹੀ ਹੀਰ ਦੀ ਮਸ਼ਹੂਰੀ, ਮਕਬੂਲੀਅਤ ਇਕ ਦੂਜੇ ਤੋਂ ਵੱਧ ਹੈ। ਲਹਿਜ਼ਿਆਂ ਦੇ ਵਖਰੇਵਿਆਂ ਕਾਰਨ ਏਸ ਕਿੱਸੇ ਨੂੰੇ ਗਾਉਣ-ਸੁਣਨ ਦੇ ਢੰਗ ਤਰੀਕੇ ਅਲਹਿਦਾ ਅਲਹਿਦਾ ਹਨ। ਮੋਟੇ ਤੌਰ 'ਤੇ ਹੀਰ ਦੀ ਕਹਾਣੀ ਬੈਂਤਾਂ ਤੇ ਕਲੀਆਂ ਵਿਚ ਵਧੇਰੇ ਗਾਈ ਤੇ ਸੁਣੀ ਜਾਂਦੀ ਹੈ। ਉਂਝ ਪੰਜਾਬ ਦਾ ਕੋਈ ਵੀ ਕਵੀ ਕਵੀਸ਼ਰ, ਗਾਇਕ ਗਮੰਤ੍ਰੀ, ਕਲਮਕਾਰ, ਲੇਖਕ ਅਜਿਹਾ ਨਹੀਂ ਜਿਸਨੇ ਹੀਰ ਦੀ ਕਹਾਣੀ ਨੂੰ ਲਿਖਿਆ ਗਾਇਆ ਨਾ ਹੋਵੇ ਪਰ ਸਭ ਤੋਂ ਵੱਧ ਮਕਬੂਲੀਅਤ ਸ਼ੇਰ ਖਾਂ ਦੇ ਜੰਡਿਆਲੇ ਵਾਲੇ ਸਯੱਦਜ਼ਾਦੇ 'ਮੀਆਂ ਵਾਰਿਸ ਸ਼ਾਹ' ਨੂੰ ਮਿਲੀ ਹੈ। ਉਹਦੀ ਹੀਰ ਲਹਿੰਦੀ ਦੀ ਪੁੱਠ ਵਾਲੇ ਲਹਿਜੇ 'ਚ ਹੋਣ ਦੇ ਬਾਵਜੂਦ ਪੰਜਾਬ ਦੇ ਹਰ ਵਸਨੀਕ ਦੇ ਲੋਕ ਗੀਤਾਂ, ਅਖਾਉਂਤਾਂ, ਮੁਹਾਵਰਿਆਂ ਵਾਂਗ ਮੂੰਹ ਚੜ੍ਹੀ ਹੋਈ ਹੈ। ਕੀਹਦਾ ਕੀਹਦਾ ਨਾਂ ਲਈਏ ਸੈਂਕੜਿਆਂ ਦੀ ਗਿਣਤੀ ਵਿਚ ਹੀਰ ਦੇ ਕਿੱਸੇ ਸਾਡੇ ਕਲਮਕਾਰਾਂ ਨੇ ਲਿਖੇ ਨੇ, ਲਿਖ ਰਹੇ ਨੇ ਤੇ ਲਿਖਦੇ ਰਹਿਣਗੇ।
         ਪੰਜਾਬ ਦੇ ਖਿਤਿਆਂ ਤੇ ਲਹਿਜ਼ਿਆਂ ਦੀ ਗੱਲ ਕਰੀਏ ਤਾਂ ਇਹਨਾਂ 'ਚੋਂ ਇਕ ਵੱਡਾ ਤੇ ਮੋਹਰੀ ਖਿੱਤਾ ਏ ਕਿਸੇ ਵੇਲੇ ਟਿੱਬਿਆਂ ਤੇ ਕਿੱਕਰਾਂ ਵਾਲਾ ਮਾਲਵਾ। ਪੰਜਾਬ ਦੀ ਸ਼ਾਹਰਗ ਦਰਿਆ ਸਤਲੁਜ ਤੇ ਆਫ਼ਤ ਦਰਿਆ ਘੱਗਰ ਦੇ ਵਿਚਕਾਰਲਾ ਦੁਆਬਾ। ਇਸ ਇਲਾਕੇ ਵਿਚ ਅੱਜ ਕੱਲ੍ਹ ਦੇ ਚੜ੍ਹਦੇ ਪੰਜਾਬ ਦਾ ਤਕਰੀਬਨ ਦੋ ਤਿਹਾਈ ਹਿੱਸਾ ਆ ਜਾਂਦਾ ਏ। ਇਹਦੀ ਉੱਤਰ ਪੂਰਬੀ ਗੁੱਠ ਨੂੰ ਪੁਆਧ ਕਹਿੰਦੇ ਨੇ ਜਿਸ ਦਾ ਧੁਰਾ ਹੁਣ ਵਾਲਾ ਚੰਡੀਗੜ੍ਹ- ਮੁਹਾਲੀ ਨੇ। ਪੁਆਧ 'ਚ ਰੋਪੜ, ਮੁਹਾਲੀ, ਚੰਡੀਗੜ੍ਹ, ਹਰਿਆਣੇ ਦਾ ਪੰਚਕੂਲਾ, ਅੰਬਾਲਾ, ਫਤਹਿਗੜ੍ਹ ਸਾਹਿਬ ਦਾ ਵੱਡਾ ਹਿੱਸਾ, ਪਟਿਆਲੇ ਦੀ ਰਾਜਪੁਰਾ ਤਹਿਸੀਲ ਆ ਜਾਂਦੇ ਨੇ। ਓਧਰ ਮਾਲਵੇ ਦੇ ਦੱਖਣ ਪੱਛਮ ਵਾਲੇ ਹਿੱਸੇ ਨੂੰ ਜੰਗਲ ਕਹਿੰਦੇ ਨੇ ਜਿਸ ਵਿਚ ਮਾਨਸਾ, ਬਠਿੰਡਾ, ਬਰਨਾਲਾ, ਮੋਗਾ, ਮੁਕਤਸਰ ਅਤੇ ਕੁਝ ਹਿੱਸੇ ਸੰਗਰੂਰ ਤੇ ਫਿਰੋਜ਼ਪੁਰ ਦੇ ਗਿਣੇ ਜਾਂਦੇ ਨੇ। ਦਰਿਆ ਦੇ ਨਾਲ ਲਗਵੇਂ ਇਲਾਕਿਆਂ ਨੂੰ ਬੇਟ ਤੇ ਹਿਠਾੜ ਕਿਹਾ ਜਾਂਦਾ ਹੈ। ਮਾਲਵੇ ਦੇ ਇਹਨਾਂ ਇਲਾਕਿਆਂ ਤੋਂ ਅਲੱਗ ਇਕ ਪੁਆਧ, ਜੰਗਲ ਤੇ ਬੇਟ ਦੇ ਵਿਚਕਾਰਲੀ ਜੂਹ ਹੈ ਜਿਸ ਦਾ ਧੁਰਾ ਜਰਗ-ਛਪਾਰ ਦੇ ਵੱਡੇ ਮੇਲਿਆਂ ਵਾਲੇ ਪਿੰਡ ਨੇ। ਇਸ ਜੂਹ ਵਿਚ ਲੁਧਿਆਣਾ, ਪਟਿਆਲਾ, ਸੰਗਰੂਰ, ਫਤਹਿਗੜ੍ਹ ਸਾਹਿਬ ਦੇ ਇਲਾਕੇ ਆਉਂਦੇ ਨੇ। ਏਥੋਂ ਦੀ ਬੋਲੀ ਭਾਵੇਂ ਮਲਵਈ ਹੀ ਹੈ ਪਰ ਇਹਦੇ 'ਤੇ ਪੁਆਧੀ ਦਾ ਅਸਰ ਪਰਤੱਖ ਦਿਖਾਈ ਦਿੰਦਾ ਹੈ। ਮਾਲਵੇ ਦੇ ਸਾਰੇ ਸੱਭਿਆਚਾਰਕ ਖਿੱਤਿਆਂ ਵਿਚ ਕੋਈ ਕੁਦਰਤੀ ਭੂਗੋਲਿਕ ਸਰਹੱਦੀ ਲੀਕ ਵਾਂਗ ਦਰਿਆ, ਨਦੀ-ਨਾਲਾ ਜਾਂ ਪਹਾੜੀ ਰੋਕ ਨਹੀਂ। ਏਸੇ ਕਾਰਨ ਇਹ ਮਿੱਥਣਾ ਲਗਭਗ ਅਸੰਭਵ ਹੈ ਕਿ ਮਾਲਵਾ ਕਿੱਥੇ ਮੁੱਕਦਾ ਹੈ ਤੇ ਕਿੱਥੋਂ ਸ਼ੁਰੂ ਹੁੰਦਾ ਏ। ਇਕ ਪਾਸੇ ਹੁਣ ਨਹਿਰਾਂ ਵਾਲਾ ਪਹਿਲਾਂ ਬਰਾਨੀ ਰਿਹਾ ਇਲਾਕਾ ਹੈ ਤੇ ਦੂਜੇ ਪਾਸੇ ਅੰਬਾਂ, ਜਾਮਣਾਂ, ਜਮੋਇਆ ਵਾਲਾ। ਜਿੱਥੇ ਇਹ ਦੋਵੇਂ ਰਲ ਗੱਡ ਹੁੰਦੇ ਨੇ ਉਹ ਹਜ਼ੂਰਾ ਸਿੰਘ ਦਾ ਵਤਨ ਹੈ। ਏਥੇ ਨਹਿਰਾਂ ਵੀ ਸਨ ਤੇ ਰੁੱਖਾਂ-ਢੱਕੀਆਂ ਵਾਲੀਆਂ ਸ਼ਾਮਲਾਟਾਂ ਵੀ।
           ਹਜ਼ੂਰਾ ਸਿੰਘ ਦਾ ਪੁਸ਼ਤੈਨੀ ਪਿੰਡ ਗਰੇਵਾਲਾਂ ਦੇ ਗੜ੍ਹ ਵਿਚ ਡੇਹਲੋਂ ਦੇ ਨੇੜੇ ਬੁਟ੍ਹਾਰੀ ਸੀ। ਇਹ ਪਿੰਡ ਜ਼ਿਲ੍ਹਾ ਲੁਧਿਆਣਾ, ਜਿਸ ਨੂੰ ਏਥੇ ਵੱਸਣ ਵਾਲੇ ਲੋਕ ਲੁਦੇਹਾਣਾ ਕਹਿੰਦੇ ਨੇ, ਵਿਚ ਸਰਹਿੰਦ ਨਹਿਰ ਕੰਢੇ ਹੈ। ਇਹ ਨਹਿਰ ਹਜ਼ੂਰਾ ਸਿੰਘ ਦੀ ਜੁਆਨੀ ਵੇਲੇ ਸਨ 1880 ਦੇ ਨੇੜੇ ਤੇੜੇ ਕੱਢੀ ਗਈ ਸੀ। ਏਸ ਇਲਾਕੇ ੧ਕਲੀਆਂ ਦੇ ਸ਼ਹਿਨਸ਼ਾਹ ਹਜ਼ੂਰਾ ਸਿੰਘ ਦੀ ਹਜ਼ੂਰੀ ਵਿਚ ਵਿਚ ਇਕ ਪਾਸੇ ਅੰਗਰੇਜ਼ਾਂ ਦਾ ਰਾਜ ਸੀ ਤੇ ਦੂਜੇ ਪਾਸੇ ਪੰਜਾਬ ਦੀਆਂ ਦੇਸੀ ਫੂਲਕੀਆਂ ਰਿਆਸਤਾਂ ਨਾਭਾ, ਪਟਿਆਲਾ, ਜ਼ੀਂਦ (ਸੰਗਰੂਰ) ਅਤੇ ਪਠਾਣੀ ਨਵਾਬੀ ਵਾਲੀ ਰਿਆਸਤ ਮਲੇਰਕੋਟਲਾ। ਹਜ਼ੂਰਾ ਸਿੰਘ ਦੇ ਜਨਮ ਵੇਲੇ ਲੁਦੇਹਾਣੇ ਤੇ ਪਰੋਜ਼ਪੁਰ (ਫਿਰੋਜ਼ਪੁਰ) ਅੰਗਰੇਜ਼ੀ ਛਾਉਣੀਆਂ ਲਾਹੌਰ ਉੱਤੇ ਕਬਜ਼ਾ ਹੋਣ ਤੋਂ ਪਹਿਲਾਂ ਈ ਬਣ ਚੁੱਕੀਆਂ ਸਨ। ਸਮੁੱਚੇ ਪੰਜਾਬ ਦੇ ਲੋਕ ਉਦੋਂ ਤੀਕ ਅੰਗਰੇਜ਼ੀ ਗਲਬੇ ਹੇਠ ਆਉਣ ਕਾਰਨ ਹੋਈਆਂ ਹਾਰਾਂ ਦੀ ਬਦੌਲਤ ਹੀਣਤਾਈ ਤੇ ਨਮੋਸ਼ੀਆਂ ਝੱਲਦੇ ਆਪਣੇ ਅਤੀਤ ਦੇ ਕਿੱਸੇ ਕਹਾਣੀਆਂ 'ਚੋਂ ਸੁੱਖ ਚੈਨ ਤੇ ਸਕੂਨ ਲੱਭ ਰਹੇ ਸਨ। ਖਲਕਤ ਦੋ ਧੜਿਆਂ ਵਿਚ ਵੰਡੀ ਹੋਈ ਪ੍ਰਤੀਤ ਹੁੰਦੀ ਸੀ। ਇਕ ਛੋਟਾ ਜਿਹਾ ਖੁਦਗਰਜ਼, ਝੋਲੀ ਚੁੱਕ ਤੇ ਟੁੱਕੜਬੋਚ ਤਬਕਾ ਅੰਗਰੇਜ਼ਾਂ ਨੂੰ ਮਾਈ ਬਾਪ, ਰਿਜ਼ਕ ਦਾਤੇ ਸਮਝਦਾ ਸੀ। ਇਹ ਲੋਕ ਅੰਗਰੇਜ਼ਾਂ ਵਾਲੀ ਰਹਿਣੀ ਬਹਿਣੀ, ਲਿਖਣ ਪੜ੍ਹਨ, ਖਾਣ ਪੀਣ ਤੇ ਆਚਾਰ ਵਿਹਾਰ ਅਪਣਾ ਕੇ ਕਾਲੇ ਅੰਗਰੇਜ਼ ਬਣ ਕੇ ਆਪਣੇ ਆਪ ਨੂੰ ਸੱਭਿਅਕ ਤੇ ਆਦਰਮਾਣ ਵਾਲੇ ਅਖਵਾਉਣ ਲਈ ਹੱਥ ਪੈਰ ਮਾਰਦੇ ਤਰਲੋ ਮੱਛੀ ਹੋ ਰਹੇ ਸਨ। ਇਹਨਾਂ ਦੀ ਬਦੌਲਤ ਤੇ ਅੰਗਰੇਜ਼ਾਂ ਦੀ ਚਤਰਾਈ ਕਾਰਨ ਸਾਡੇ ਸੱਭਿਆਚਾਰ, ਬੋਲੀ, ਇਤਿਹਾਸ, ਲਿਬਾਸ, ਸਿਹਤ, ਤਾਲੀਮ, ਖੇਤੀ, ਕਾਰੋਬਾਰ ਸੰਦ-ਔਜ਼ਾਰ, ਕੰਮ ਧੰਦੇ ਇਕ ਦਮ ਘਟੀਆ ਸਾਬਤ ਕਰ ਦਿੱਤੇ ਗਏ। ਏਥੋਂ ਤੱਕ ਕਿ ਸਾਡੇ ਦੇਸੀ ਧਰਮ, ਅਕੀਦੇ, ਵਿਸ਼ਵਾਸ ਸਭ ਕੁਝ ਹੀ ਯੂਰਪੀ ਤੱਕੜੀ ਨਾਲ ਤੁਲਣ ਲੱਗ ਪਿਆ।
             ਸਾਡੀਆਂ ਕਿੱਸੇ ਕਹਾਣੀਆਂ ਨੂੰ ਵੀ ਯੂਰਪ ਦੀ ਨਕਲ ਗਰਦਾਨਣ ਨੂੰ ਖੋਜ ਜਾਂ ਆਲੋਚਨਾ ਆਖ ਸਲਾਹਿਆ ਗਿਆ। ਸਾਡੇ ਲਈ ਅਕਲ, ਇਲਮ, ਰੋਸ਼ਨੀ, ਚਾਨਣ ਸਿਰਫ ਲਹਿੰਦੇ ਵੱਲੋਂ ਚੜ੍ਹਦਾ ਸਾਬਤ ਕਰਨ ਲਈ ਪੂਰੀ ਟਿੱਲ ਲਾਈ ਗਈ। ਏਥੇ ਇਹ ਗੱਲ ਵਰਨਣਯੋਗ ਹੈ ਕਿ ਸਾਡੇ ਇਕ ਬਹੁਤ ਹੀ ਵੱਡੇ ਕੱਦਾਵਰ ਪੰਜਾਬੀ ਵਿਦਵਾਨ ਨੇ ਹੀਰ ਦੀ ਕਹਾਣੀ ਨੂੰ ਵੀ ਯੂਨਾਨ ਤੋਂ ਉਧਾਰੀ ਲਈ ਆਖਣ ਦੀ ਹਿਮਾਕਤ ਕੀਤੀ। ਸਾਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਤਾਂ ਢੋਰ ਡੰਗਰ ਚਾਰਨ ਵਾਲੇ ਉਜੱਡ ਜੰਗਲੇ ਲੋਕ ਹਾਂ। ਹਜ਼ਾਰਾਂ ਸਾਲਾਂ ਦੀ ਬੜੀ ਅਮੀਰ ਵਿਰਾਸਤ ਨੂੰ ਅਸਾਂ ਕੁਝ ਵਰ੍ਹਿਆਂ ਵਿਚ ਹੀ ਤਿਲਾਂਜਲੀ ਦੇ ਕੇ ਗੋਰਿਆਂ ਦੀਆਂ ਤਲੀਆਂ ਚੱਟਣ ਨੂੰ ਅੱਗੇ ਵਧੂ ਤੇ ਸੱਭਿਅਕ ਹੋਣ ਦੀ ਅਹਿਮਕਾਨਾ, ਬਚਕਾਨਾ ਸੋਚ ਦਾ ਮੁਜ਼ਾਹਰਾ ਬਾਖੂਬੀ ਕੀਤਾ। ਏਥੋਂ ਏਸ ਸਾਰੇ ਕੂੜ ਪਸਾਰੇ ਦੀ ਫੂਕ ਕੱਢਣ ਲਈ, ਸੁਨਿਆਰਾਂ ਵਾਲੀ ਠੱਕ ਠੱਕ ਦਾ ਜਵਾਬ ਦੇਣ ਲਈ ਲੁਹਾਰਾਂ ਵਾਲੀਆਂ ਕੁਝ ਕੁ ਸੱਟਾਂ ਹੀ ਕਾਫੀ ਨੇ। ਓਸ ਵੇਲੇ ਜਦੋਂ ਪੰਜਾਬ 'ਚੋਂ ਸ਼ੇਰੇ ਪੰਜਾਬ ਦਾ ਰਾਜ ਖੁੱਸਿਆ ਤਾਂ ਸਾਡੇ ਲੋਕੀ ਇਕ ਸੌ ਪਿੱਛੇ ਅਠਾਰਾਂ ਪੜ੍ਹੇ ਹੋਏ ਸਨ ਤੇ ਇੰਗਲੈਂਡ ਵਾਸੀ ਸਿਰਫ ਤੇਰ੍ਹਾਂ। ਨ੍ਹਾਉਣ ਧੋਣ ਦਾ ਰਿਵਾਜ ਸਮੁੱਚੇ ਯੂਰਪ ਵਿਚ ਈ ਵਿਰਲਾ ਵਾਂਝਾ ਸੀ।
            ਯੂਰਪੀ ਵਪਾਰੀ ਲੋਕਾਂ ਤੇ ਚਾਲਾਕ ਮਕਾਰ ਹੁਸ਼ਿਆਰ ਹੁਕਮਰਾਨਾਂ ਨੂੰ ਆਪਣਾ ਵਪਾਰ ਚਮਕਾਉਣ, ਮਜ਼੍ਹਬ ਫੈਲਾਉਣ ਤੇ ਹਕੂਮਤ ਕਰਨ ਲਈ ਹਰ ਸ਼ੈਅ, ਵਰਤਾਰੇ ਨੂੰ ਟੁਕੜੇ ਕਰਕੇ, ਵੰਡ ਕੇ ਵੇਖਣ ਦੀ ਵਾਦੀ ਹੁਣ ਤੀਕ ਵੀ ਬਰਕਰਾਰ ਏ। ਉਹਨਾਂ ਦੀ ਸੋਚ ਨਿੱਜ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਸਾਡੇ ਫਲਸਫੇ 'ਸਰਬੱਤ ਦੇ ਭਲੇ' ਦੀ ਤੇ ਉਹਨਾਂ ਨੂੰ ਥਾਹ ਈ ਨਹੀਂ। ਉਹ ਮੁਨਾਫੇ, ਸੁੱਖ ਅਰਾਮ ਤੇ ਕੁਦਰਤ ਦੀ ਹਰ ਸ਼ੈਅ ਨੂੰ ਸਿਰਫ ਤੇ ਸਿਰਫ ਭੋਗਣ ਵਾਲੀ ਵਸਤ ਈ ਸਮਝਦੇ ਨੇ। ਏਧਰ ਅਸੀਂ ਰੁੱਖਾਂ ਬੂਟਿਆਂ, ਪਹਾੜਾਂ, ਦਰਿਆਵਾਂ ਤੋਂ ਲੈ ਕੇ ਚੰਦ ਸੂਰਜ ਤੀਕ ਸਭ ਦੀ ਪੂਜਾ ਅਰਚਣਾ ਕਰਕੇ ਕਾਦਰ ਦਾ ਤੇ ਕੁਦਰਤ ਦਾ ਸ਼ੁਕਰਾਨਾ ਕਰਦੇ ਹਾਂ। ਇਹੋ ਸੋਚ ਉਹਨਾਂ ਸਮਾਜ ਤੇ ਵੀ ਲਾਗੂ ਕੀਤੀ। ਲੋਕਾਂ ਨੂੰ ਧਰਮਾਂ, ਬੋਲੀਆਂ, ਫਿਰਕਿਆਂ, ਨਸਲਾਂ, ਇਲਾਕਿਆਂ ਦੇ ਅਧਾਰ ਤੇ ਪਾੜਿਆ ਵੰਡਿਆ। ਸਾਡੀ
           ਸਮੁੱਚਤਾ ਨੂੰ ਟੋਟੇ ਟੋਟੇ ਕਰ ਕੇ ਖੇਰੂ ਖੇਰੂ ਕਰਨ, ਘੱਟੇ ਕੌਡੀਆਂ ਰਲਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਹ ਯੂਰਪੀ ਲੋਕਾਂ ਦੀ ਮੰਨੀ ਪਰਮੰਨੀ ਨੀਤੀ ਹੈ ਕਿ ਲੋਕਾਂ ਨੂੰ ਬੋਲੀ, ਧਰਮ, ਇਤਿਹਾਸ ਤੇ ਸੱਭਿਆਚਾਰ ਨਾਲੋਂ ਤੋੜ ਕੇ ਗੋਰਿਆਂ ਦੀਆਂ ਵਿਚਾਰ ਧਾਰਨਾਵਾਂ ਨਾਲ ਜੋੜ ਦਿਉ ਫੇਰ ਰਾਜ ਕਰਨ, ਵਪਾਰ 'ਚ ਮੁਨਾਫਾ ਕਮਾਉਣ 'ਚ ਕੋਈ ਦਿੱਕਤ ਨਹੀਂ ਰਹਿੰਦੀ। ਅਸੀਂ ਉਹਨਾਂ ਦੀ ਇਸ਼ਤਿਹਾਰਬਾਜ਼ੀ, ਚਕਾ-ਚੌਂਧ ਤੋਂ ਪ੍ਰਭਾਵਤ ਹੋ ਕੇ ਖ਼ੁਦ ਬਖ਼ੁਦ ਹੀ ਖਪਤਕਾਰ ਤੇ ਭੋਗ ਵਿਲਾਸੀ ਬਣ ਕੇ ਉਹਨਾਂ ਦੇ ਥੱਲੇ ਲੱਗਣ ਵਿਚ ਕੋਈ ਉਜਰ ਨਹੀਂ ਕਰਦੇ।ਅਜਿਹੇ ਘੋਰ ਕਲਾ ਕਲੇਸ਼ ਦੇ ਕਲਯੁਗੀ ਦੌਰ ਵਿਚ ਸਾਨੂੰ ਰਾਹ ਦਿਖਾਉਣ ਵਾਲੇ ਸਾਡੇ ਸਾਧ ਸੰਤ, ਨਾਥ ਯੋਗੀ, ਸੂਫੀ ਦਰਵੇਸ਼ ਤੇ ਕਿੱਸੇਕਾਰ ਜਾਂ ਗਮੰਤਰੀ ਸਨ। ਇਹ ਲੋਕ ਸਹੀ ਅਰਥਾਂ ਵਿਚ ਸਾਰੇ ਲੋਭ ਲਾਲਚਾਂ ਤੋਂ ਮੁਕਤ, ਆਜ਼ਾਦ ਤਬੀਅਤ, ਖੁੱਲ੍ਹੇ ਖੁਲਾਸੇ ਸੁਭਾਅ ਤੇ ਸਾਡੇ ਆਮ ਲੋਕਾਂ ਵਰਗੇ ਹੀ ਸਨ। ਇਹਨਾਂ ਦੀ ਖੁਰਾਕ, ਪੁਸ਼ਾਕ, ਬੋਲੀ, ਰਹਿਣ ਸਹਿਣ ਤੇ ਜੀਣ ਥੀਣ ਸਾਡੇ ਐਨਾ ਨੇੜੇ ਸੀ ਕਿ ਉਹ ਆਪਣੇ ਵਿਚਾਰਾਂ, ਬੁੱਧੀ, ਕਲਾ ਕਰਕੇ ਤਾਂ ਭਾਵੇਂ ਗੁੱਝੇ ਨਹੀਂ ਸਨ ਰਹਿੰਦੇ ਪਰ ਆਪਣੇ ਵੱਲੋਂ ਉਹ ਕੋਈ ਉਚੇਚ ਵਿਖਾਵਾ ਜਾਂ ਉਚਤਾਈ ਨਹੀਂ ਸਨ ਦਿਖਾਉਂਦੇ। ਉਹ ਕੋਈ ਵੀ ਕਾਰਜ ਕਿਸੇ ਰਾਜੇ ਮਹਾਰਾਜੇ ਨੂੰ ਖੁਸ਼ ਕਰਨ, ਉਹਦੇ ਕੋਲੋਂ ਫਾਇਦਾ ਲੈਣ, ਆਪਣੀਆਂ ਔਲਾਦਾਂ ਨੂੰ ਅਹੁਦੇ ਦਿਵਾਉਣ ਲਈ ਨਹੀਂ ਸਨ ਕਰਦੇ। ਉਹ ਸਹੀ ਅਰਥਾਂ ਵਿਚ ਫੱਕਰ ਕਿਸਮ ਦੇ ਇਨਸਾਨ ਸਨ। ਇਹਨਾਂ ਦੀ ਲੰਬੀ ਲੜੀ ਬਾਬਾ ਫਰੀਦ ਤੋਂ ਸ਼ੁਰੂ ਹੁੰਦੀ ਹੈ, ਸ਼ਾਹ ਹੁਸੈਨ, ਵਾਰਸ, ਪੀਲੂ, ਬੁੱਲ੍ਹੇ ਸ਼ਾਹ, ਕਾਦਰਯਾਰ ਗੁਲਾਮ ਫਰੀਦ, ਹਾਸ਼ਮ, ਭਗਵਾਨ ਸਿੰਘ, ਦਯਾ ਸਿੰਘ ਆਰਫ, ਪੂਰਨ ਚੰਦ, ਦੌਲਤ ਰਾਮ ਤੋਂ ਹੁੰਦੀ ਹਜ਼ੂਰਾ ਸਿੰਘ ਤੋਂ ਅੱਗੇ ਰਜਬ ਅਲੀ ਤੀਕਰ ਪੁੱਜ ਜਾਂਦੀ ਏ। ਇਹਨਾਂ 'ਚੋਂ ਬਹੁਤੇ ਫੱਕਰ ਮਲੰਗ, ਜਨੂੰਨ ਤੋਂ, ਬੰਧਨਾਂ ਤੋਂ ਆਜ਼ਾਦ, ਕਿਸੇ ਨਾਢੂ ਖਾਂ ਦੀ ਟੈਂ ਨਾ ਮੰਨਣ ਵਾਲੇ, ਅਣਖ ਸਵੈਮਾਨ ਤੇ ਪਹਿਰਾ ਦੇਣ ਵਾਲੇ ਲੋਕਾਂ ਲਈ ਪੂਜਣਯੋਗ ਬਣੇ।
         ਹਜ਼ੂਰਾ ਸਿੰਘ ਬੁਟ੍ਹਾਰੀ ਦੀ ਮਹਾਨਤਾ ਦਾ ਆਲਮ ਇਹ ਹੈ ਕਿ ਅੰਗਰੇਜ਼ੀ ਪੜ੍ਹਿਆ ਦੇ ਮਿਆਰਾਂ ਮੁਤਾਬਕ ਤਕਰੀਬਨ ਅਨਪੜ੍ਹ ਜੱਟ ਮਲਵਈਆਂ ਤੋਂ ਛੁੱਟ ਅੱਧ ਪਚੱਧੇ ਦੁਆਬੀਆਂ ਤੇ ਵੱਡੀ ਗਿਣਤੀ ਵਿਚ ਬਾਕੀ ਪੰਜਾਬੀਆਂ ਦੇ ਦਿਲਾਂ 'ਤੇ ਲਗਭਗ ਇਕ ਸਦੀ ਰਾਜ ਕਰਦਾ ਰਿਹਾ। ਚਿਟ ਕੱਪੜੀਆਂ ਵਲੋਂ ਗਰਦਾਨੇ ਗਏ ਉਜੱਡਾਂ ਗਵਾਰਾਂ, ਪੇਂਡੂਆਂ, ਪਛੜਿਆ ਹੋਇਆਂ, ਅਨਪੜ੍ਹਾਂ, ਢੋਰਾਂ, ਡੰਗਰਾਂ ਨੂੰ ਉਹ ਅਣਖ, ਸੂਰਮਗਤੀ ਤੇ ਇਖਲਾਕ ਦੇ ਅਜਿਹੇ ਪਾਠ ਪੜ੍ਹਾ ਗਿਆ ਕਿ ਲੋਕਾਈ ਉਹਦੇ ਨਾਲ ਹੀ ਹੋ ਤੁਰੀ। ਤਾਰਾ ਚੜ੍ਹਦੇ ਨਾਲ ਤੁਰੇ ਹਾਲੀ, ਡੰਗਰਾਂ ਦੇ ਪਾਲੀ, ਖੂਹਾਂ ਦੇ ਨਾਕੀ ਤੇ ਹਲਟਾਂ ਦੇ ਹਾਕੀ ਜਦੋਂ ਤੜਕੇ ਵੇਲੇ ਕੁੱਤਿਆਂ ਦੀ ਟੱਕ ਟੱਕ ਨਾਲ ਹੀਰ ਦੀਆਂ ਕਲੀਆਂ ਲਾਉਂਦੇ ਤਾਂ ਇਕ ਵਾਰ ਤੇ ਸਮੁੱਚੀ ਕਾਇਨਾਤ ਹੀ ਗੂੰਜ ਉੱਠਦੀ। ਕਲੀਆਂ ਨੂੰ ਮਾਲਵੇ ਵਿਚ ਆਵਾਜ਼ਾਂ ਲਾਉਣੀਆਂ ਤੇ ਦੁਆਬੇ ਵਿਚ ਬੋਲੇ ਆਖਦੇ ਸਨ। ਇਹ ਤਾਂ ਸੀ ਆਮ ਲੋਕਾਂ ਦੀ ਗੱਲ ਜਿਹੜੇ ਬਗੈਰ ਸਾਜਾਂ ਤੋ ਈ ਹੇਕਾਂ ਲਾ ਲਾ ਆਵਾਜ਼ ਦੇ ਦਮ ਖਮ ਦੀਆਂ ਜਾਦੂਗਰੀਆਂ ਜੌਹਰ ਵਿਖਾਉਂਦੇ ਰਹੇ। ਕਸਬੀ ਕਲੀਆਂ ਗਾਉਣ ਵਾਲਿਆਂ ਦੀ ਤੇ ਗੱਲ ਈ ਹੋਰ ਸੀ। ਉਹਨਾਂ ਦੇ ਚਿੱਟੇ ਚਾਦਰੇ, ਕਲੀਆਂ ਵਾਲੇ ਲੰਬੇ ਕੁੜਤੇ, ਤੁਰਲਿਆਂ ਵਾਲੀਆਂ ਮਾਵਾ ਲੱਗੀਆਂ ਦੁੱਧ ਚਿੱਟੀਆਂ ਪੱਗਾਂ, ਪੈਰੀਂ, ਨੋਕਦਾਰ ਕੱਢਵੀਆਂ ਤਿੱਲੇਦਾਰ ਜੁੱਤੀਆਂ ਜਾਂ ਖੁੱਸੇ ਉਹਨਾਂ ਨੂੰ 'ਗੁੱਝੀ ਰਹੇ ਨਾ ਹੀਰ ਹਜ਼ਾਰ ਵਿਚੋਂ ਵਾਲੀ ਪੰਗਤੀ ਅਨੁਸਾਰ ਨਿਵੇਕਲੀ ਦਿੱਖ ਪ੍ਰਦਾਨ ਕਰਦੇ ਸਨ। ਅਖਾੜਿਆਂ ਵਿਚ ਖਾਸ ਕਰ, ਜਰਗ, ਛਪਾਰ, ਜਗਰਾਵਾਂ, ਮੁਕਸਰ,ਮਾਈਸਰਖਾਨੇ ਜਾਂ ਮਲੇਰਕੋਟਲੇ-ਨਾਭੇ, ਪਟਿਆਲੇ ਕਿਧਰੇ ਵੀ ਕੋਈ ਮੇਲਾ ਹੋਵੇ ਉਹ ਅਰਸ਼ੋਂ ਉਤਰੇ ਮਾਨ ਸਰੋਵਰੋਂ ਆਏ ਹੰਸ ਈ ਤੇ ਜਾਪਦੇ ਸਨ। ਜਦੋਂ ਢੱਡ ਉੱਤੇ ਉਂਗਲੀਆਂ ਨੱਚਦੀਆਂ ਤੇ ਨਾਲ ਸਾਰੰਗੀ ਦਾ ਗਜ਼ ਕਲਾਬਾਜ਼ੀਆਂ ਲਾਉਂਦਾ ਫੇਰ ਹਜ਼ੂਰਾ ਸਿੰਘ ਦੀਆਂ ਕਲੀਆਂ ਗਮੰਤਰੀਆਂ ਮੂੰਹੋਂ ਪੂਰੇ ਵਜਦ ਵਿਚ ਆ ਕੇ ਨਿਕਲਦੀਆਂ। ਸਰੋਤੇ ਅਸ਼ ਅਸ਼ ਕਰ ਉਠਦੇ, ਕੀਲੇ ਜਾਂਦੇ, ਮੰਤਰ ਮੁਗਧ ਹੋਏ ਆਪ ਮੁਹਾਰੇ ਹੀ ਰੁਪਈਆਂ ਦੇ ਮੀਂਹ ਵਰਸਾਉਂਦੇ। ਗੋਲ ਘੇਰੇ ਵਾਲੇ ਅਖਾੜੇ ਵਿਚ ਮਟਕ ਚਾਲ ਗੇੜੇ ਲਾਉਂਦੇ ਬਿਨਾਂ ਕਿਸੇ ਧੁਤੂ ਜਾਂ ਆਰਜੀ ਤੌਰ 'ਤੇ ਉੱਚੀ ਆਵਾਜ਼ ਕਰਨ ਵਾਲੇ ਸਪੀਕਰ ਤੋਂ ਕਲੀਆਂ ਦੀਆਂ ਆਵਾਜ਼ਾਂ ਕੰਨਾਂ ਤੇ ਹੱਥ ਧਰ ਬਾਂਹ ਉੱਚੀ ਕਰ ਚੁੱਕਦੇ ਤਾਂ ਸਰੋਤਿਆਂ ਨੂੰ ਝੰਗ ਸਿਆਲਾਂ-ਰੰਗਪੁਰ ਖੇੜਿਆਂ ਦੀ ਜੂਹ ਵਿਚ ਹੀਰ ਤੇ ਰਾਂਝਾ ਕਲੋਲਾਂ ਕਰਦੇ ਪ੍ਰਤੱਖ ਦਿਖਾਈ ਦੇਣ ਲੱਗਦੇ। ਗੁਰੂ ਗੋਰਥ ਨਾਥ ਦੇ ਟਿੱਲੇ ਤੋਂ ਮੁੰਨਿਆ ਜੱਟ ਜਦੋਂ ਹੀਰ ਨੂੰ ਮਿਲਣ ਰੰਗਪੁਰ ਖੇੜਿਆਂ ਦੀ ਡੰਡੀ ਫੜਦੈ ਤਾਂ ਦਰਸ਼ਕ ਤੇ ਸਰੋਤੇ ਤਾਂ ਕੀਲੇ ਹੀ ਜਾਂਦੇ। ਹਜ਼ੂਰਾ ਸਿੰਘ ਦੀਆਂ ਕਲੀਆਂ ਦੇ ਬੋਲਾਂ ਦੀ ਰਵਾਨਗੀ, ਗਮੰਤਰੀਆਂ ਦੀ ਅਦਾਇਗੀ ਤੇ ਸਰੋਤਿਆਂ ਦੀ ਸੰਜੀਦਗੀ ਅਜਿਹੇ ਭਰਮ ਭੁਲੇਖਿਆਂ ਨੂੰ ਮੂਲੋਂ ਹੀ ਚਕਨਾਚੂਰ ਕਰ ਦਿੰਦੇ ਨੇ ਕਿ ਪੰਜਾਬੀਆਂ ਦਾ ਤੇ ਕੋਈ ਸੱਭਿਆਚਾਰ ਈ ਨਹੀਂ, ਗੀਤ ਸੰਗੀਤ ਦੀ ਕਦਰ ਕਰਨੀ ਕਲਾ ਦੀ ਨਿਰਖ ਪਰਖ ਕਰਨੀ ਇਹਨਾਂ ਦੇ ਵਸ ਦਾ ਰੋਗ ਈ ਨਹੀਂ।
ਕਲੀਆਂ ਦੀਆਂ ਵੰਨਗੀਆਂ :

ਹੀਰ ਦਾ ਹੁਸਨ -                  ਅੱਧੀ ਸੂਰਤ ਹੀਰ ਦੀ ਕੁੱਲ ਦੁਨੀਆਂ ਨੂੰ ਦਿਸਦੀ ਐ,
                                         ਮੇਰੇ ਨੈਣਾਂ ਦੇ ਵਿਚ ਬਹਿ ਕੇ ਦਿਸਦੀ ਸਾਰੀ।
ਮਨ ਦੀ ਭਟਕਣ -                 ਪੰਜਾਂ ਦੁਸ਼ਟਾਂ ਦੇ ਮਨ ਹਰਦਮ ਆਖੇ ਚੱਲਦਾ ਹੈ,
                                        ਸੰਗਲ ਰੱਸਾ ਨਾ ਪੈਂਦਾ, ਔਖਾ ਹੈ ਅਟਕਾਉਣਾ।

ਨਸੀਹਤ  -                        ਗੱਬਰ ਮਾਰੀਏ ਰਜਾਈਏ ਟੱਬਰ ਆਪਣਾ,
                                       ਉਠ ਕੇ ਨਿੱਤ ਨਾ ਬਾਲਕਿਆ ਓਏ ਚੋਰੀ ਨੂੰ ਜਾਈਏ।
ਹਜ਼ੂਰਾ ਸਿੰਘ ਰਾਜਿਆਂ ਮਹਾਰਾਜਿਆਂ ਦਾ ਦਰਬਾਰੀ ਟਕੇਦਾਰ ਗਾਇਕ ਨਹੀਂ ਸੀ। ਨਾ ਹੀ ਉਹ ਟਕੇ ਕਮਾਉਣ ਲਈ ਲਿਖਦਾ ਜਾਂ ਗਾਉਂਦਾ ਸੀ। ਕਿਸੇ ਸੜੀ ਸ਼ੋਹਰਤ ਮਸ਼ਹੂਰੀ ਦੀ ਉਹਨੂੰ ਭੋਰਾ ਭਰ ਵੀ ਚਿੰਤਾ ਨਹੀਂ ਸੀ। ਅੜਕ ਮੜਕ, ਹੈਂਕੜ ਹੰਕਾਰ ਤੋਂ ਮੁਕਤ ਉਹ ਸਾਡੇ ਸਧਾਰਨ ਲੋਕਾਂ ਵਾਂਗ ਈ ਖਾਂਦਾ ਪੀਂਦਾ, ਜੀਂਦਾ ਥੀਂਦਾ ਸੀ। ਉਹਨੇ ਆਪਣੇ ਆਪ ਨੂੰ ਖਾਸ ਉਲ ਖਾਸ ਕਦੀ ਨਹੀਂ ਸਮਝਿਆ। ਉਹ ਤਾਂ ਖ਼ੁਦ ਆਪਣੀ, ਆਪਣੇ ਮਿੱਤਰ ਮੇਲੀਆਂ ਤੇ ਆਮ ਮਲਵਈ ਪੰਜਾਬੀਆਂ ਦੀ ਰੂਹ ਰਾਜੀ ਕਰਨ ਲਈ ਗਾਉਂਦਾ ਤੇ ਲਿਖਦਾ ਸੀ। ਉਹਨੇ ਮਾਂ ਬੋਲੀ ਪੰਜਾਬੀ, ਸਾਡੀ ਵਿਰਾਸਤ, ਸੱਭਿਆਚਾਰ ਤੇ ਇਤਿਹਾਸ-ਮਿਥਹਾਸ ਦੀ ਜੋ ਖਿਦਮਤ ਕੀਤੀ ਉਹਦਾ ਦੇਣ ਸ਼ਾਇਦ ਅਸੀਂ ਕਦੇ ਵੀ ਨਾ ਦੇ ਸਕੀਏ। ਉਹਦਾ ਮਲਵਈ ਸ਼ਬਦਾਂ ਦਾ ਭੰਡਾਰ, ਮੁਹਾਵਰਿਆਂ ਅਖਾਉਤਾਂ ਦੀ ਵਰਤੋਂ, ਕਲੀਆਂ ਦਾ ਤੋਲ ਤੁਕਾਂਤ, ਹਿੰਦੁਸਤਾਨੀ ਤੇ ਫਾਰਸੀ-ਅਰਬੀ ਧਰਮਾਂ ਦੀ ਵਾਕਫੀ ਉਹਨੂੰ ਵਾਰਿਸ ਸ਼ਾਹ ਵਾਂਗ ਹੀ ਪ੍ਰਮੁੱਖ ਅਦੀਬ ਸਾਹਿਤਕਾਰ ਦਾ ਦਰਜਾ ਦਿਵਾਉਂਦੀ ਹੈ। ਕਹਾਣੀ ਦੇ ਉਤਰਾ ਚੜ੍ਹਾ, ਵਾਰਤਾਲਾਪ, ਘਟਨਾਵਾਂ ਦਾ ਵਰਨਣ, ਪੰਜਾਬ ਦੇ ਰਸਮਾਂ ਰਿਵਾਜਾਂ ਦਾ ਮਲਵਈ ਰੂਪ, ਜਾਤਾਂ ਗੋਤਾਂ ਦੇ ਵੇਰਵੇ, ਕੁੜੀਆਂ ਚਿੜੀਆਂ ਦੇ ਚੋਹਲ ਮੋਹਲ, ਸਾਧਾਂ ਦੇ ਡੇਰਿਆਂ ਦੀ ਭੰਗ ਸ਼ਰਾਬ ਪੰਜਾਬੀ ਨਾਥਾਂ ਜੋਗੀਆਂ ਨੂੰ ਆਮ ਧਰਤੀ ਦੇ ਮਨੁੱਖ ਬਨਾਉਣ ਦੀ ਪੇਸ਼ਕਾਰੀ ਬੱਸ ਕਮਾਲ ਹੀ ਕਮਾਲ ਹੈ। ਕਲੀਆਂ ਦੇ ਹੋਰ ਵੀ ਬਹੁਤ ਲਿਖਾਰੀ ਗਵੱਈਏ ਹੋਏ ਨੇ ਪਰ 'ਘਰ ਘਰ ਪੁੱਤ ਜੰਮਦੇ ਹਜ਼ੂਰਾ ਸਿੰਘ ਨੀ ਕਿਸੇ ਨੇ ਬਣ ਜਾਣਾ' ਵਾਲੀ ਕਹਾਵਤ ਉਹਦੇ 'ਤੇ ਪੂਰੀ ਢੁੱਕਦੀ ਹੈ। ਕਹਿੰਦੇ ਨੇ ਇਸ਼ਕ ਨੂੰ ਗਾਉਣ ਵਾਸਤੇ ਇਸ਼ਕ ਕਮਾਉਣਾ ਪੈਂਦਾ ਏ ਤੇ ਸਾਡੇ ਹਜ਼ੂਰਾ ਸਿੰਘ ਦੀਆਂ ਕਲੀਆਂ 'ਚੋਂ ਵੀ ਕਿਧਰੇ ਉਹਦੇ ਅੱਧ ਵਿਚਾਲਿਓਂ ਟੁੱਟੇ ਕੱਚੀ ਉਮਰ ਦੇ ਇਸ਼ਕ ਦੀਆਂ ਕਨਸੋਆਂ ਮਿਲਦੀਆਂ ਨੇ।
ਹੀਰ ਰਾਂਝੇ ਦੇ ਕਿੱਸੇ ਵਿਚ ਕਹਾਣੀ ਦ ੇਨਿਕੱ  ੇਨਿਕੱ  ੇਵਰੇਵਿਆਂ ਵਿਸਥਾਰਾਂ ਦਾ ਬਹਤੁ ਾ ਖਲਾਰਾ ਹਜ਼ਰਾ ਸਿਘੰ  ਨ ੇਨਹੀਂ ਪਾਇਆ ਪਰ ਅਸਲ ਗਲੱ  ਇਸ਼ਕ ਦ ੇਦਅੁ ਾਲ ੇਈ ਘਮੁੰਦੀ Â।ੇ  ਸਾਡੀ ਪਜੰ ਾਬੀਆਂ ਦੀ ਪਰ੍ਰੇਨਾ ਦ ੇਸਮੋ  ੇਜਾਂ ਸਾਡ ੇਗਰੁ  ੂਸਾਹਿਬਾਨ ਨ ੇਜਾਂ ਫਰੇ     ਸਫੂ ੀ ਦਰਵਸ਼ੇ  ਤ ੇਭਗਤ ਰਹ ੇਨ।
ੇਭਾਈ ਗੁਰਦਾਸ ਹੀਰ ਰਾਂਝੇ ਬਾਬਤ ਲਿਖਦੇ ਨੇ -
                                               'ਰਾਂਝਾ ਹੀਰ ਵਖਾਣੀਏ ਹੋਏ ਪਿਰਮ ਪਰਤੀ।'
 ਬਾਬਾ ਬੁੱਲ੍ਹੇ ਸ਼ਾਹ ਇਸ਼ਕ ਧਮਾਲਾਂ ਪਾਉਂਦਾ ਪੈਰੀਂ ਘੁੰਗਰੂ ਬੰਨ੍ਹ ਨੱਚਦਾ ਆਖਦਾ ਏ-
                                                'ਰਾਂਝਣ ਰਾਂਝਣ ਕਰਦੀ ਨੀ ਮੈਂ ਆਪੇ ਰਾਂਝਾ ਹੋਈ।
                                                 ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।'
 ਅੱਜ ਦੇ ਸਮਿਆਂ ਦਾ ਪ੍ਰੋ. ਪੂਰਨ ਸਿੰਘ ਤਾਂ ਹੱਦ ਈ ਕਰ ਦਿੰਦਾ ਏ -
                                               'ਆ ਭੈਣੇ ਹੀਰੇ ਤੇ ਆ ਵੀਰਾ ਰਾਂਝਿਆ
                                               ਬਾਝ ਤੁਸਾਂ ਅਸੀਂ ਸੱਖਣੇ।'
ਹੀਰ ਰਾਂਝੇ ਦੀ ਕਹਾਣੀ ਪੰਜਾਬੀਆਂ ਦੀ ਇਬਾਦਤ ਹੈ, ਉਹਨੂੰ ਗਾਉਣਾ ਸੁਣਨਾ ਸਾਡੇ ਲਈ ਭਜਨ ਬੰਦਗੀ ਦੇ ਤੁਲ ਹੈ। ਸਾਡੇ ਗਮੰਤਰੀਆਂ ਨੇ ਭੀ,ਕਿੱਸਾਕਾਰਾਂ ਤੇ ਕਵੀਆਂ ਕਵੀਸ਼ਰਾਂ ਨੇ ਵੀ ਹੀਰ ਦੇ ਮਿਜਾਜ਼ੀ ਇਸ਼ਕ ਨੂੰ ਧੁਰ ਅੰਬਰਾਂ ਤੱਕ ਪੁਚਾ ਇਹਨੂੰ ਇਸ਼ਕ ਹਕੀਕੀ ਜਾਂ ਰੱਬ ਦੀ ਭਗਤੀ ਵਾਲੀ ਪਵਿੱਤਰਤਾ ਪ੍ਰਦਾਨ ਕਰ ਦਿੱਤੀ ਹੈ। ਜਗਦੇਆਂ ਵਾਲਾ ਸੱਸੀ ਦੇ ਕਿੱਸੇ ਦਾ ਲਿਖਾਰੀ ਸੂਫੀ ਹਾਸ਼ਮ ਸ਼ਾਹ ਹਕੀਕੀ ਤੇ ਮਿਜਾਜ਼ੀ ਇਸ਼ਕ ਬਾਬਤ ਕਹਿੰਦਾ ਏ -
                                             'ਰੱਬ ਦਾ ਆਸ਼ਕ ਹੋਣ ਸੁਖੱਲਾ, ਇਹ ਬਹੁਤ ਸੁਖੱਲੀ ਬਾਜ਼ੀ।
                                             ਹਾਸ਼ਮ ਖਾਕ ਰੁਲਾਵੇ ਗਲੀਆਂ ਇਹ ਜ਼ਾਲਮ ਇਸ਼ਕ ਮਿਜਾਜ਼ੀ।'
        ਇਸ਼ਕ ਦੀ ਮੰਜ਼ਲ ਖਰੀ ਦੁਹੇਲੀ ਹੈ ਤੇ ਇਸ ਰਾਹ 'ਤੇ ਤੁਰਨ ਵਾਲੇ ਤਾਂ ਇਕ ਪਾਸੇ ਇਹਨੂੰ ਗਾਉਣ ਲਿਖਣ ਵਾਲੇ ਵੀ ਸਿਰ ਧੜ ਦੀ ਬਾਜ਼ੀ ਲਾ ਕੇ ਆਮ ਤੌਰ 'ਤੇ ਘਰ ਫੂਕ ਤਮਾਸ਼ਾ ਵੇਖਦੇ ਨੇ। ਕਿਸੇ ਹੋਰ ਥਾਂ ਹਾਸ਼ਮ ਲਿਖਦਾ ਏ- 'ਆਸ਼ਕ ਨਾਲ ਨਹੀਂ ਸਿਰ ਰੱਖਦੇ'.....
       
       ਹਜ਼ੂਰਾ ਸਿੰਘ ਨੇ ਵੀ ਇਸ਼ਕ ਲਿਖਣ ਦੇ ਵਣਜ 'ਚੋਂ ਧੇਲਾ ਨਹੀਂ ਖੱਟਿਆ। ਨਾ ਕਿੱਸਾ ਛਪਵਾਇਆ ਹੈ ਤੇ ਨਾ ਹੀ ਪੈਸੇ ਵੱਟੇ। ਆਰ ਪਰਿਵਾਰ ਵੀ ਉਹਦਾ ਰੁਲ ਖੁਲ ਗਿਆ ਤੇ ਜ਼ਮੀਨ ਜਾਇਦਾਦ ਵੀ ਖੁਰ ਗਈ। ਸਭ ਕੁਝ ਲੁਟਾ ਕੇ ਆਪਣਾ ਆਪ ਗੁਆ ਕੇ ਜੋ ਉਹ ਸਾਨੂੰ ਦੇ ਗਿਆ ਉਹਦਾ ਮੁੱਲ ਤੇ ਕੋਈ ਪਾਇਆ ਈ ਨਹੀਂ ਜਾ ਸਕਦਾ। ਉਹਦੀ ਅਮੀਰੀ ਤੇ ਧਨ ਦੌਲਤ ਨੂੰ ਪੈਸਿਆਂ ਟਕਿਆਂ 'ਚ ਤੇ ਗਿਣਨਾ ਹੀ ਮੂਰਖਮਤੀ ਹੈ। ਵੇਖੋ - ਨਮੂਨੇ
 
ਮਾਵਾਂ ਭੈਣਾਂ ਦਾ ਸਤਿਕਾਰ :              ਬਾਬੇ ਨਾਨਕ ਨੇ ਅਵਤਾਰ ਬਾਵਾ ਧਾਰ ਲਿਆ,
                                                 ਪੇਟੋਂ ਰੰਨਾਂ ਦੇ ਮਰਦਾਨਾ ਵੇ ਮਰਾਸੀ
                                                 ਦਸ ਅਵਤਾਰ ਬਾਵਾ ਜੀ ਮਾਈਆਂ ਤੋਂ ਬਾਝ ਨਾ,
                                                 ਅਕਾਸ਼ ਪਤਾਲ ਮਿਰਤ ਮੰਡਲ ਦੀ ਰੀਤ ਚਲਾਤੀ।
ਮਿੱਠਾ ਬੋਲਣਾ  :                             ਜ਼ਬਾ ਰਸੀਲੀ ਵੈਰੀ ਮਿੱਤਰ ਲਵੇ ਬਣਾਈ
ਸਾਡੀ ਰਹਿਤਲ  :                          ਹੱਟੀ ਭੱਠੀ ਕਾਰਖਾਨਿਉਂ ਗੱਲਾਂ ਲੱਭਦੀਆਂ
ਪੂਪਨੇ ਸਾਧਾਂ ਦੀ ਅਸਲੀਅਤ :          ਡਰਦਾ ਭਾਦੋਂ ਦਾ ਤੂੰ ਜੋਗੀ ਜੱਟਾ ਹੋ ਗਿਐਂ ਵੇ..
ਧੀਆਂ ਧਿਆਣੀਆਂ  :                       ਮਾਪੇ ਵਸਦੇ ਭਲੇ ਧੀਆਂ ਘਰੋਂ ਤੁਰਦੀਆਂ...
ਹਜ਼ੂਰਾ ਸਿੰਘ ਆਪਣੀਆਂ ਕਲੀਆਂ ਵਿਚ ਸਿੱਖਿਆ ਵੀ ਦਿੰਦਾ ਏ, ਵੇਖੋ -
                                                'ਜੇ ਦਿਲ ਕੋਠੀ ਬੰਗਲੇ ਮੰਗ ਲੂ ਮੰਡਪ ਮਾੜੀਆਂ,
                                                ਮੰਗੇ ਨਾ ਮਿਲਣੇ, ਕੱਚੇ ਆਪਣੇ ਕਿਉਂ ਢਾਹੀਏ।'
ਘਰ ਦਾ ਭੇਤੀ ਲੰਕਾ ਢਾਹੇ :-            'ਭੇਤ ਚੋਰਾਂ ਯਾਰਾਂ, ਭੇਤ ਮਰਵਾਵੇ ਡਾਕੂਆਂ...'

ਸਾਡੇ ਜੀਵਨ ਦੀ ਸਮੁੱਚਤਾ, ਸੰਸਾਰ ਦੀ ਨਾਸ਼ਮਾਨਤਾ, ਰਿਸ਼ਤਿਆਂ ਦੀ ਮਹੱਤਤਾ ਤੇ ਕਿਰਦਾਰ ਦੀ ਉਚੱਤਾ ਨੂੰ ਕਿੱਸਾਕਾਰਾਂ ਨਾਲੋਂ
ਵੱਧ ਕਦੀ ਵੀ ਕੋਈ ਨਹੀਂ ਸਮਝ ਸਕਿਆ। ਉਹ ਦੋਗਲੇ ਕਿਰਦਾਰ, ਦੰਭੀ ਮਾਨਸਿਕਤਾ ਤੇ ਚਲਾਕ ਹੁਸ਼ਿਆਰ ਵਰਤੋਂ ਵਿਹਾਰ ਦੇ ਮੁੱਢੋਂ ਮੁਖਾਲਿਫ ਰਹੇ। ਖਾਣ ਪੀਣ, ਪਹਿਨਣ ਪਰਚਣ ਤੇ ਰਹਿਣ ਸਹਿਣ ਵਿਚ ਵਿਖਾਵਿਆਂ, ਹੈਂਕੜ, ਸ਼ੋਹਰਤ ਤੇ ਝੂਠੀਆਂ ਸ਼ਾਨਾਂ ਦੇ ਵੀ ਉਹ ਵਿਰੋਧੀ ਨੇ। ਉਹ ਬੇਜੋੜ ਵਿਆਹਾਂ ਦੇ ਹਮੇਸ਼ਾਂ ਖਿਲਾਫ ਰਹੇ। ਉਹਨਾਂ ਦੇ ਬਹੁਤੇ ਕਿੱਸੇ ਮਨੁੱਖੀ ਆਜ਼ਾਦੀ ਲਈ ਕਾਬਜ਼ ਤਬਕੇ ਵਲੋਂ ਲਾਈਆਂ ਬੰਦਸ਼ਾਂ ਦੇ ਖਿਲਾਫ ਜਦੋ ਜਹਿਦ ਕਰਨ ਵਾਲਿਆਂ ਸੂਰਮਿਆਂ, ਸ਼ਹੀਦਾਂ, ਆਸ਼ਕਾਂ, ਮਾਸ਼ੂਕਾਂ ਦੀਆਂ ਦਾਸਤਾਨਾਂ ਨੇ। ਇਹਨਾਂ ਕਿੱਸਾਕਾਰਾਂ ਨੇ ਮਾਪਿਆਂ ਦੀ, ਸਮਾਜ ਦੀ, ਧਰਮ ਦੀ ਇਕ ਪਾਸੇ ਵਿਰੋਧਤਾ ਕੀਤੀ ਤੇ ਦੂਜੇ ਪਾਸੇ ਸੱਚਾ ਸੁੱਚਾ ਕਿਰਦਾਰ, ਪਾਕ ਮੁਹੱਬਤ ਤੇ ਆਦਰਸ਼ ਸਮਾਜ ਉਸਾਰੀ ਇਹਨਾਂ ਕਹਾਣੀਆਂ ਦਾ ਮਕਸਦ ਰਿਹਾ। ਇਹ ਜਾਤਾਂ ਪਾਤਾਂ, ਮਜ੍ਹਬੀ ਜਨੂੰਨਾਂ, ਅਮੀਰੀ ਗਰੀਬੀ ਦੇ ਪਾੜਿਆਂ ਤੇ ਊਚ ਨੀਚ ਦੀਆਂ ਵੰਡੀਆਂ ਵਿਰੁੱਧ ਜਦੋ ਜਹਿਦ ਕਰਨ ਵਾਲੇ ਮੁਜਾਹਿਦ ਤੇ ਸੂਰਬੀਰ ਜੋਧੇ ਸਨ। ਇਹਨਾਂ ਦੀਆਂ ਕਲਮਾਂ ਦੀ ਕਦਰ ਅਜੇ ਤੀਕ ਅਸੀਂ ਨਹੀਂ ਪਾ ਸਕੇ। ਹੁਣ ਵੇਲਾ ਬਦਲ ਰਿਹਾ ਏ ਸਮਾਂ ਕਰਵਟਾਂ ਲੈ ਰਿਹਾ ਏ ਤੇ ਲੋਕੀ ਇਹਨਾਂ ਮਹਾਨ ਮਨੁੱਖਾਂ ਨੂੰ ਸਹੀ ਸਥਾਨ ਦੇਣ ਦਿਵਾਉਣ ਲਈ ਆਹਰ ਕਰਦੇ ਵਿਖਾਈ ਦਿੰਦੇ ਨੇ।
 
       ਹਜ਼ੂਰਾ ਸਿੰਘ ਬੁਟ੍ਹਾਰੀ ਵਾਲੇ ਨੂੰ ਜਿੰਨਾ ਕੁ ਅਸੀਂ ਜਾਣਿਆ ਏ ਉਸ ਤੋਂ ਉਹ ਪੰਜਾਬ ਦੀ ਸ਼ਾਨਾ ਮੱਤੀ ਵਿਰਾਸਤ ਦਾ ਇਕ ਅਨਮੋਲ ਹੀਰਾ ਸਿੱਧ ਹੁੰਦਾ ਹੈ। ਉਹ ਬੇਗਰਜ, ਕਲਾ ਦੀ ਹਉਮੈ ਹੰਕਾਰ ਤੋਂ ਮੁਕਤ, ਸਿੱਧਾ ਸਪਾਟ, ਸਹਿਜ ਸੁਭਾ, ਗੋਦੜੀ 'ਚ ਲੁਕਿਆ ਲਾਲ ਸੀ। ਏਡਾ ਵੱਡਾ ਅਫਲਾਤੂ ਵਿਦਮਾਨ ਹੋਣ ਦੇ ਬਾਵਜੂਦ ਉਹ ਸਾਨੂੰ ਆਪਣਾ-ਆਪਣਾ, ਚੰਗਾ ਚੰਗਾ ਲੱਗਦਾ ਏ। ਉਹਦੇ ਬੋਲ ਪੀੜ੍ਹੀਆਂ ਤੋਂ ਸਾਨੂੰ ਨਸ਼ਿਆਉਂਦੇ, ਭਵ ਸਾਗਰ ਤੋਂ ਪਾਰ ਲੰਘਾਉਣ ਵਾਸਤੇ ਸਹਾਈ ਹੁੰਦੇ ਰਹੇ ਨੇ ਤੇ ਸਦੀਆਂ ਤੀਕਰ ਸਾਡੇ ਮਲਵਈਆਂ ਦੀ ਹੀ ਨਹੀਂ ਸਮੂਹ ਪੰਜਾਬੀਆਂ ਦੀ ਰੂਹ ਰਾਜੀ ਕਰਦੇ ਰਹਿਣਗੇ।
- ਡਾ. ਨਿਰਮਲ ਸਿੰਘ ਬਰਵਾਲੀ
ਸੇਵਾਦਾਰ ਪੰਜਾਬੀ ਸੱਥ
ਲਾਂਬੜਾ-ਜਲੰਧਰ।

No comments:

Post a Comment