ਸਾਨੂੰ ਕਿਹੜੀ ਜੂਨੇ ਪਾਇਆ (ਡਾ. ਕੇਸਰ ਸਿੰਘ ਬਰਵਾਲੀ)
ਪੰਜਾਬ ਦੀ ਜਰਖੇਜ਼ ਮਿੱਟੀ ਦੀ ਸਭ ਤੋਂ ਵੱਡੀ
ਖਸਲਤ ਇਹੀ ਰਹੀ ਹੈ ਕਿ ਇਸਨੇ ਆਪਣੇ ਧੀਆਂ ਪੁੱਤਰਾਂ ਨੂੰ ਕਦੇ ਨਿਆਸਰੇ, ਨਿਮਾਣੇ ਤੇ
ਨਿਤਾਣੇ ਨਹੀਂ ਹੋਣ ਦਿੱਤਾ। ਧਰਤੀ ਅਤੇ ਮਾਂ ਪੰਜਾਬੀਆਂ ਲਈ ਅਟੁੱਟਵੇਂ ਅਤੇ ਇਕ ਦੂਸਰੇ
ਵਿਚ ਜ਼ਜ਼ਬ ਹੋਣ ਵਾਲੇ ਸ਼ਬਦ ਹਨ। ਧਰਤੀ ਮਾਤਾ ਵਿਚੋਂ ਸਿਰਜਤ ਜੰਗਲ, ਬੇਲੇ, ਬਾਰਾਂ, ਰੱਕੜ,
ਦਰਿਆ, ਪਹਾੜ, ਢਾਹੇ, ਛੰਭ ਤੇ ਟਿੱਬੇ ਕਿਸੇ ਨਾ ਕਿਸੇ ਰੂਪ ਵਿਚ ਮਾਂ ਜਾਇਆਂ ਤੇ ਜਾਈਆਂ
ਨੂੰ ਪਾਲਦੇ ਰਹੇ ਹਨ ਅਤੇ ਅੱਜ ਵੀ ਪਾਲ ਰਹੇ ਹਨ। ਪਰੁੰਤੂ ਜਦੋਂ ਮਾਂ ਜਾਇਆਂ ਵਿਚੋਂ ਕੋਈ
ਨਾ ਕੋਈ ਕਪੁੱਤ ਹੋ ਜਾਵੇ ਅਤੇ ਆਪਣੀ ਮਾਂ ਦੇ ਨਾਲੋ ਨਾਲ ਧਰਤੀ ਮਾਤਾ ਦੀ ਬੇਪ੍ਰਤੀਤੀ ਕਰਨ
ਲੱਗ ਜਾਵੇ ਤਾਂ ਧਰਤੀ ਮਾਤਾ ਦਾ ਜੁੱਸਾ ਤਾਂ ਛਲਣੀ ਹੁੰਦਾ ਹੀ ਹੈ। ਮਨੁੱਖ ਦੀ ਜਨਮਜਾਤੀ
ਮਾਂ ਦੁੱਖਾਂ ਦੇ ਸਮੁੰਦਰ ਵਿਚ ਗੋਤੇ ਖਾਣ ਲਗਦੀ ਹੈ। ਪੰਜਾਬ ਵਿਚ ਵੀ ਧਰਤੀ ਮਾਤਾ ਅਤੇ
ਜਨਣੀ ਮਾਂ ਨੂੰ ਉਹਨਾਂ ਦੇ ਆਪਣੇ ਜਾਇਆਂ ਨੇ ਗ਼ੈਰਾਂ ਦੇ ਆਖੇ ਲੱਗ ਮਧੋਲਿਆ ਏ ਅਤੇ ਇਹ
ਬੇਹੁਰਮਤੀ ਅੱਜ ਵੀ ਮੁਸੱਲਸਲ ਜ਼ਾਰੀ ਹੈ।
ਧਰਤੀ ਅਤੇ ਮਾਂ ਉਤਪਾਦਕਤਾ ਨੂੰ
ਦਰਸਾਉਂਦੇ ਚਿੰਨ• ਹਨ। ਸਾਡੇ ਵਿਰਸੇ ਤੇ ਸਾਡੀ ਸਕਾਫ਼ਤ ਵਿਚ ਅਸੀਂ ਧਰਤੀ, ਧੀਆਂ ਧਿਆਣੀਆਂ
ਅਤੇ ਮਾਵਾਂ ਨੂੰ ਪੂਜਿਆ ਏ। ਪੂਜਣ ਦੀ ਵਜ਼•ਾ ਸਪੱਸ਼ਟ ਏ ਪਈ ਇਹਨਾਂ ਬਾਝੋਂ ਮਨੁੱਖਤਾ ਦੀ
ਹੋਂਦ ਹੀ ਨਹੀਂ ਹੈ। ਪ੍ਰੰਤੂ ਜਦੋਂ ਇਹਨਾਂ ਦੀ ਬੇਅਦਬੀ ਹੋਵੇ ਤਾਂ ਹਰ ਕਿਸੇ ਦੀਆਂ
ਅੱਖੀਆਂ ਵਿਚੋਂ ਨੀਰ ਤਾਂ ਆਪੇ ਹੀ ਵਗਣਾ ਹੋਇਆ। ਮੁਲਕ ਦੀ ਤਕਸੀਮ ਵੇਲੇ ਧਰਤੀ ਮਾਂ ਨੂੰ
ਵੰਡ ਦਿੱਤਾ ਗਿਆ, ਮਾਵਾਂ, ਧੀਆਂ ਤੇ ਭੈਣਾਂ ਦੀ ਬੇਹੁਰਮਤੀ ਦੀ ਵੀ ਹੱਦ ਹੋ ਗਈ। ਅੱਜ
ਤੋੜੀਂ ਦੋਹੀਂ ਪਾਸੇ ਲੋਕੀ ਧਾਹਾਂ ਮਾਰ ਕੇ ਆਪਣੀ ਮਿੱਟੀ ਦੀ ਸੁਗੰਧੀ ਨੂੰ, ਮਿੱਟੀ ਦੇ
ਖ਼ਮੀਰ ਨੂੰ ਯਾਦ ਕਰਦੇ ਰੋਂਦੇ ਨਹੀਂ ਥੱਕਦੇ। ਅਣਚਾਹੀ ਵੰਡ ਤੋਂ ਬਾਅਦ ਵੀ ਧਰਤੀ ਮਾਂ ਨੇ
ਆਪਣੇ ਜਣਿਆਂ ਨੂੰ ਸਾਂਭਿਆ ਏ। ਉਹਨਾਂ ਨੂੰ ਪੇਟੋਂ ਭੁੱਖੇ ਨਹੀਂ ਮਰਨ ਦਿੱਤਾ। ਚੜ•ਦੇ
ਪੰਜਾਬ ਦੀ ਧਰਤੀ ਨੂੰ ਬਾਅਦ ਵਿਚ ਹੋਰ ਕਈ ਸੂਬਿਆਂ ਵਿਚ ਵੰਡ ਦਿੱਤਾ ਗਿਆ। ਧਰਤੀ ਮਾਂ ਨੇ
ਸਬਰ ਦਾ ਪੱਲਾ ਨਹੀਂ ਛੱਡਿਆ। ਆਪਣੇ ਜਾਇਆਂ ਦੀ ਬੇਹਤਰੀ ਨੂੰ ਤਾਂਘਦੀ ਰਹੀ। ਮੁਰੱਬੇਬੰਦੀ
ਤੇ ਜ਼ਰਈ ਇਨਕਲਾਬ ਦੌਰਾਨ ਜਦੋਂ ਧਰਤੀ ਮਾਂ ਨੂੰ ਉਸਦੇ ਪੁੱਤਰਾਂ ਧੀਆਂ ਨੇ ਸੁਆਰਿਆ,
ਮਾਂਜਿਆ ਤੇ ਨਿਖਾਰਿਆ ਤਾਂ ਇਸ ਮਿੱਟੀ ਨੇ ਇਸ ਦੀ ਕਦਰ ਉਹਨਾਂ ਨੂੰ ਭਰਪੂਰ ਅਨਾਜ ਦੇ
ਭੰਡਾਰ, ਫੱਲ, ਫੁੱਲ ਤੇ ਹੋਰ ਪਦਾਰਥ ਬਖਸ਼ ਕੇਪਾਈ। ਕਮਾਈ ਕਰਨ ਵਾਲੇ ਕਿਸਾਨ ਤੇ ਮਜਦੂਰ
ਪੁੱਤਰਾਂ ਤੇ ਉਹਨਾਂ ਦੀਆਂ ਸੁਆਣੀਆਂ ਦੇ ਹੰਸੂ ਹੰਸੂ ਕਰਦੇ ਖਿੜੇ ਚੇਹਰੇ ਦੇਖ ਕੇ ਧਰਤੀ
ਮਾਂ ਗੁਲੋ ਗੁਲਜ਼ਾਰ ਹੋ ਗਈ। ਪ੍ਰੰਤੂ ਸਮੇਂ ਦੇ ਚਾਲ ਬਾਜਾਂ ਤੇ ਹਾਕਮਾਂ ਨੂੰ ਧਰਤੀ ਮਾਤਾ
ਅਤੇ ਇਸਦੇ ਕਾਮੇ ਧੀਆਂ ਪੁੱਤਰਾਂ ਦੀਆਂ ਖੁਸ਼ੀਆਂ ਤੇ ਜ਼ਲਾਲ ਵੰਡਦੇ ਚੇਹਰੇ ਭਾਉਦੇਂ ਨਹੀਂ
ਸਨ। ਧਰਤੀ ਨੂੰ ਰੋਲਿਆ ਗਿਆ, ਕੋਹਿਆ ਗਿਆ। ਇਸ ਨਾਲ ਜੁੜੇ ਹਰ ਪਹਿਲੂ, ਹਰ ਜ਼ਰ•ੇ ਨੂੰ
ਪ੍ਰਦੂਸ਼ਤ ਕਰਨ ਦੀ ਚਾਲ ਚੱਲੀ ਗਈ। ਹਵਾ, ਪਾਣੀ, ਚੌਗਿਰਦੇ ਗੱਲ ਕੀ ਹਰ ਚੀਜ਼ ਨੂੰ ਦੂਸ਼ਿਤ
ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਧਰਤੀ ਵਿਚਾਰੀ ਕੀ ਕਰੇ, ਮਾਂ ਵਿਚਾਰੀ ਕੀ ਕਰੇ,
ਵਿਚਾਰੀਆਂ ਧੀਆਂ ਧਿਆਣੀਆਂ ਕਿੱਧਰ ਜਾਣ? ਧਰਤੀ ਨੂੰ ਦੂਸ਼ਿਤ ਕਰਨ ਵਾਲੇ ਧਰਤੀ ਨੂੰ
ਕੀਟਨਾਸ਼ਕਾਂ, ਮਸਨੂਈ ਖਾਦਾਂ, ਤੇਜ਼ਾਬ ਮਿਲੇ ਪਾਣੀਆਂ, ਹਾਈਬਰਿਡ ਬੀਜਾਂ ਦੀ ਲੋੜੋਂ ਵੱਧ
ਵਰਤੋਂ ਕਰਕੇ ਪੈਰ ਪੈਰ ਤੇ ਕੋਹ ਰਹੇ ਹਨ। ਮਿੱਤਰ ਕੀੜਿਆਂ, ਸ਼ੁੱਧ ਪਾਣੀਆਂ, ਸੁਗੰਧੀ
ਵੰਡਦੇ ਪੌਦਿਆਂ ਨੂੰ ਖਤਮ ਕਰਨ ਵਿਚ ਰੁਚਿਤ ਹਨ। ਧਰਤੀ ਨੂੰ ਨਿਤਾਣੀ ਨਿਮਾਣੀ ਤੇ ਬਾਂਝ
ਬਣਾਇਆ ਜਾ ਰਿਹਾ ਹੈ। ਧਰਤੀ ਦੀਆਂ ਖੈਰਾਂ ਮੰਗਦੀਆਂ ਮਾਵਾਂ, ਧੀਆਂ ਤੇ ਕੁਆਰ ਕੰਜਕਾਂ
ਆਪਣੇ ਕਾਮੇ ਪੁੱਤਰਾਂ ਤੇ ਵੀਰਾਂ ਦੀ ਗੁਰਬਤ ਤੋਂ ਆਵਾਜ਼ਾਰ ਹਨ, ਕਿਉਂਕਿ ਦੂਸ਼ਿਤ ਕੀਤੀ
ਧਰਤੀ ਮਾਤਾ ਮਨੁੱਖੀ ਲੋੜ ਲਈ ਲੋੜੀਂਦੇ ਪਦਾਰਥ ਕਾਫੀ ਮਿਕਦਾਰ ਵਿਚ ਦੇਣ ਤੋਂ ਮਜਬੂਰ ਹੈ।
ਚਾਲਬਾਜਾਂ ਦਲਾਲਾਂ ਦੇ ਧੜੇ ਚੜੇ• ਅਤੇ ਧਰਤੀ ਨੂੰ ਮਾਂ ਨਾ ਮੰਨਣ ਵਾਲੇ ਭਟਕੇ ਪੁੱਤਰ ਅੱਜ
ਆਪਣੀ ਹੀ ਧਰਤੀ ਮਾਤਾ ਦੀ ਬੇਕਦਰੀ ਕਰ ਰਹੇ ਹਨ। ਆਪਣੀਆਂ ਹੀ ਮਾਵਾਂ, ਧੀਆਂ ਧਿਆਣੀਆਂ ਤੇ
ਸੁਆਣੀਆਂ ਅਤੇ ਪਿਉਆਂ, ਭਰਾਵਾਂ ਤੇ ਪੁੱਤਰਾਂ ਦੀਆਂ ਇੱਜ਼ਤਾਂ-ਆਬਰੂਆਂ ਤੇ ਪੱਗਾਂ ਮੰਡੀ
ਵਿਚ ਰੋਲ ਰਹੇ ਹਨ। ਧਰਤੀ ਵਿਚੋਂ ਪੈਦਾ ਫਸਲਾਂ, ਮਾਵਾਂ ਤੇ ਧੀਆਂ ਦੀਆਂ ਇੱਜ਼ਤਾਂ ਅਤੇ
ਕਾਮੇ ਕਿਸਾਨ ਪੁੱਤਰਾਂ ਦੀਆਂ ਪੱਗਾਂ ਅੱਜ ਜਿਣਸੀ ਤੇ ਜਿਨਸੀ ਮੰਡੀਆਂ ਵਿਚ ਸ਼ਰੇ ਬਜ਼ਾਰ
ਨਿਲਾਮ ਹੋ ਰਹੀਆਂ ਹਨ। ਧਰਤੀ ਦੇ ਇਹ ਰਾਹ ਤੋਂ ਭਟਕੇ ਪੁੱਤਰ ਕੌਣ ਹਨ? ਇਹ ਹਨ ਮੰਡੀਆਂ
ਵਿਚ ਸ਼ਰੇਆਮ ਲੁੱਟ ਖਸੁੱਟ ਕਰਦੇ ਆੜ•ਤੀਏ, ਦਲਾਲ ਤੇ ਕੋਟੇ ਪਰਮਿਟ ਵਾਲੇ ਕਾਰਖਾਨੇਦਾਰ,
ਸਰਕਾਰੀ ਸਹੂਲਤਾਂ ਭੋਗਦੇ ਨੌਕਰਸ਼ਾਹ, ਖਰੀਦ ਏਜੰਸੀਆਂ ਦੇ ਇੰਸਪੈਕਟਰ, ਬੈਕਾਂ ਦੇ ਕੁਰੱਪਟ
ਮੈਨੇਜਰ, ਰਾਜਨੀਤਕ ਮੰਚਾਂ ਤੇ ਵਿਚਰਦੇ ਫੋਕੇ ਵਾਅਦਿਆਂ ਵਾਲੇ ਆਗੂ, ਖਪਤ ਮੰਡੀ ਦੀ ਅਮੀਰਤ
ਭੋਗਦੇ ਸਰਮਾਏਦਾਰ, ਆਪਣੇ ਸਭਿਆਚਾਰ ਨੂੰ ਤਿਲਾਂਜਲੀ ਦੇ ਕੇ ਪੱਛਮੀ ਸਭਿਆਚਾਰ ਦੇ
ਗੈਰ-ਇਨਸਾਨੀ ਤੌਰ ਤਰੀਕਿਆਂ ਨੂੰ ਭੋਗਣ ਵਾਲੇ ਵਿਦਿਅਕ ਮਾਹਰ, ਨਾਮ ਨਿਹਾਦ ਚਿੰਤਕ ਤੇ
ਕਲਾਕਾਰ, ਲੱਚਰਤਾ ਨੂੰ ਉਭਾਰਦੇ ਲੰਮੀਆਂ ਲਿਟਾਂ ਵਾਲੇ ਬੇਗੁਰੇ ਤੇ ਬੇਸੁਰੇ ਗਾਇਕ ਅਤੇ ਉਹ
ਨਾਮ ਨਿਹਾਦ ਧਾਰਮਿਕ ਆਗੂ ਜਿਨ•ਾਂ ਧਰਮ ਨੂੰ ਮਜ਼•ਬ ਅਤੇ ਕੱਟੜਤਾ ਦੇ ਚੌਖਟੇ ਵਿਚ ਰੱਖਕੇ
ਪਰਚਾਰਿਆ ਤੇ ਵਿਸਥਾਰਿਆ ਹੈ। ਇਹਨਾਂ ਕੁਰਾਹੇ ਪਏ ਜਾਂ ਜਾਣ ਬੁੱਝ ਕੇ ਭੋਲੀ ਭਾਲੀ ਲੋਕਾਈ
ਨੂੰ ਚਲਾਕੀ ਨਾਲ ਲੁੱਟਣ ਵਾਲੇ ਚਾਲਬਾਜ਼ਾਂ ਦੀ ਵਜ•ਾ ਕਰਕੇ ਅੱਜ ਧਰਤੀ ਦੇ ਅਸਲੀ ਪੁੱਤਰ ਤੇ
ਧੀਆਂ ਮਾਯੂਸੀ ਦੇ ਆਲਮ ਵਿਚੋਂ ਗੁਜ਼ਰਦੇ ਹੋਏ ਖੁਦਕੁਸ਼ੀਆਂ ਦੇ ਰਾਹ ਪੈਣ ਲਈ ਮਜਬੂਰ ਹਨ।
ਮਾਵਾਂ, ਧੀਆਂ, ਭੈਣਾ ਤੇ ਸੁਆਣੀਆਂ ਆਪਣੇ
ਪੁੱਤਰਾਂ, ਪਿਉਆਂ, ਵੀਰਾਂ ਤੇ
ਖਾਵੰਦਾਂ ਦੇ ਦੁੱਖਾਂ ਦਰਦਾਂ ਵਿਚ ਸ਼ਰੀਕ ਹੋ ਕੇ ਉਹਨਾਂ ਦਾ ਭਾਰ ਵੰਡਾਉਣ ਦੀ ਤਾਂਘ ਰੱਖਣ
ਦੇ ਬਾਵਜੂਦ ਕੁਝ ਕਰਨੋਂ ਅਸਮਰੱਥ ਜਾਪਦੀਆਂ ਹਨ। ਖੇਤ ਮਜਦੂਰ ਵੀ ਕਿਸਾਨ ਦੀ ਡੁੱੁਬ ਰਹੀ
ਬੇੜੀ ਨੂੰ ਬਚਾਉਣ ਤੋਂ ਅਸਮਰੱਥ ਹੋ ਕੇ ਆਪ ਵੀ ਉਸੇ ਬੇੜੀ ਦਾ ਸਵਾਰ ਬਣਕੇ ਮੌਤ ਰੂਪੀ
ਸਮੁੰਦਰ ਵਿਚ ਡੁੱਬਣ ਲਈ ਮਜਬੂਰ ਹੈ। ਅੱਜ ਸੰਤ ਰਾਮ ਉਦਾਸੀ ਦੀ ਕਾਲਜੇ ਵਿਚ ਧੂਹ ਪਾਉਂਦੀ
ਇਹ ਤੁਕ, ''ਜੱਟ ਲੱਗ ਕੇ ਸੀਰੀ ਦੇ ਗਲ ਰੋਵੇ, ਬੋਹਲਾਂ ਵਿਚੋਂ ਨੀਰ ਵਗਿਆ।'' ਸੱਚ ਹੀ
ਨਹੀਂ ਹੋ ਨਿਬੜੀ ਸਗੋਂ ਇਕ ਤੱਥ ਬਣ ਚੁੱਕੀ ਹੈ।
ਸਮੁੱਚੇ ਪੰਜਾਬ ਦੀ ਕਿਸਾਨੀ
ਸੰਕਟਗ੍ਰਸਤ ਹੈ। ਕਣਕ, ਝੋਨਾ, ਨਰਮਾਂ ਕਪਾਹ, ਸਬਜ਼ੀਆਂ, ਫਲ ਫਰੂਟ ਗੱਲ ਕੀ ਹਰ ਫਸਲ ਦੀ
ਬਿਜਾਈ ਗੁਡਾਈ, ਦਵਾਈ, ਸਿੰਜਾਈ ਤੇ ਖਾਸ ਕਰਕੇ ਮੰਡੀ ਵਿਚਲੀ ਲੁਟਾਈ ਨੇ ਧਰਤੀ ਮਾਂ ਦੇ
ਜਾਇਆਂ (ਕਿਸਾਨਾਂ) ਨੂੰ ਇੰਨਾਂ ਜਿਆਦਾ ਨਿਤਾਣਾ ਤੇ ਨਿਮੋਝੁਣਾ ਕਰ ਦਿੱਤਾ ਹੈ ਕਿ ਹੁਣ ਉਹ
ਪੰਜਾਬੀ ਸੁਭਾਓ ਦੇ ਰੁਝਾਨ ਦੇ ਬਿਲਕੁਲ ਉਲਟ ਜਾਣੀ ਕਿ ਖੁਦਕੁਸ਼ੀਆਂ ਦਾ ਰਸਤਾ ਅਖਤਿਆਰ
ਕਰਨ ਵੱਲ ਨੂੰ ਮਜਬੂਰ ਕਰ ਦਿੱਤੇ ਗਏ ਹਨ। ਝੋਨੇ ਦੀ ਮੰਡੀਕਰਨ ਦੀ ਲੁੱਟ ਤੋਂ ਬਾਅਦ ਨਰਮਾ
ਖੇਤਰ ਦੇ ਕਿਸਾਨਾਂ ਨੂੰ ਜੇ ਇਕ ਪਾਸੇ ਕੁਦਰਤ ਨੇ ਝੰਬਿਆ ਹੈ ਤਾਂ ਦੂਸਰੇ ਪਾਸੇ ਮਿਲਾਵਟੀ
ਨਦੀਣ-ਨਾਸ਼ਕਾਂ ਦੇ ਡੀਲਰਾਂ, ਆੜ•ਤੀਆਂ, ਬੈਂਕ ਅਧਿਕਾਰੀਆਂ, ਨੋਕਰਸ਼ਾਹਾਂ ਤੇ
ਰਾਜਨੀਤੀਵਾਨਾਂ ਨੇ ਵੀ ਲੁੱਟਣ ਦੀ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਅੱਜ ਆਲੂ
ਉਤਪਾਦਕਾਂ ਦੀ ਹਾਲਤ ਵੀ ਸਾਡੀ ਮੰਡੀਕਰਨ ਵਿਵਸਥਾ ਵਿਚ ਜਾਣ ਬੁੱਝ ਕੇ ਲਿਆਂਦੇ ਮੰਦੇ ਦੀ
ਵਜ•ਾ ਕਰਕੇ ਬਦ ਤੋਂ ਬਦਤਰ ਬਣਨ ਦੇ ਕਿਨਾਰੇ ਆਣ ਖੜੀ ਹੋਈ ਹੈ। ਨਰਮਾਂ ਖੇਤਰਾਂ ਦੇ
ਕਿਸਾਨਾਂ ਤੇ ਕਾਮਿਆਂ ਦੀ ਤ੍ਰਾਸਦੀ ਨੂੰ ਪੰਜਾਬ ਦੀ ਕਿਸਾਨੀ ਵਿਚਲੇ ਸੰਕਟ ਦੇ ਸੰਦਰਭ ਵਿਚ
ਵਿਚਾਰਦਿਆਂ ਰੌਗਟੇਂ ਖੜੇ ਹੋ ਜਾਂਦੇ ਹਨ।
ਆਓ! ਬਠਿੰਡਾ, ਮਾਨਸਾ, ਫਰੀਦਕੋਟ,
ਮੋਗਾ, ਫਿਰੋਜ਼ਪੁਰ, ਸੰਗਰੂਰ ਆਦਿ ਦੇ ਨਰਮਾ ਖੇਤਰਾਂ ਵਿਚ ਚੱਲੀਏ ਜਿਥੇ ਧਰਤੀ ਦੇ ਜਾਏ
ਕਿਸਾਨ ਤੇ ਕਾਮੇ ਤੇ ਉਹਨਾਂ ਦੀਆਂ ਸੁਆਣੀਆਂ ਆਪਣੇ ਗੁਜ਼ਰ ਬਸਰ ਅਤੇ ਆਪਣੀਆਂ ਸਮਾਜਿਕ,
ਸਭਿਆਚਾਰਕ ਤੇ ਭਾਈਚਾਰਕ ਲੋੜਾਂ ਦੀ ਪੂਰਤੀ ਲਈ ਚਿੰਤਤ ਹਨ। ਪਿਛਲੇ ਕਈ ਸਾਲਾਂ ਤੋਂ ਨਰਮੇ
ਦੀ ਫਸਲ ਦੇ ਘੱਟ ਝਾੜ, ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ, ਅਫਸਰਸ਼ਾਹੀ ਦੇ ਮੱਕੜੀ ਜਾਲ,
ਸਿਆਸੀ ਆਗੂਆਂ ਦੀਆਂ ਮਕਾਰੀ ਮਸਖ਼ਰੀਆਂ, ਵਪਾਰੀ ਵਰਗ ਦੀ ਨਿੱਤ ਦਿਨ ਵਧਦੀ ਜਕੜ, ਸਹਿਕਾਰੀ
ਤੇ ਵਪਾਰਿਕ ਬੈਕਾਂ ਦੀ ਲੋਟੂ ਅਤੇ ਦਿਹਾਤੀ ਵਿਰੋਧੀ ਨੀਤੀ, ਆੜ•ਤੀਆਂ ਦਾ ਵਧਦਾ ਕਰਜ਼ਾ ਤੇ
ਵਿਆਜ, ਪੇਂਡੂ ਖੇਤਰਾਂ ਵਿਚ ਵਿਦਿਆ, ਸਿਹਤ ਸਹੂਲਤਾਂ, ਸੜਕਾਂ, ਆਵਾਜਾਈ ਦੇ ਸਾਧਨਾਂ
ਵਿਚਲੇ ਨਿਘਾਰ ਮੰਡੀ ਪ੍ਰਕ੍ਰਿਆ ਵਿਚ ਕਿਸਾਨੀ ਦੀ ਨਿੱਤ ਦਿਹਾੜੇ ਵਧਦੀ ਲੁੱਟ, ਸਭਿਆਚਾਰ
ਦੇ ਨਾਂ ਥੱਲੇ ਲੋਕ ਮਾਨਸ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਾ ਖਪਤ ਸਭਿਆਚਾਰ ਅਤੇ
ਲੱਚਰਤਾ ਨੂੰ ਪ੍ਰਣਾਈ ਬੌਣੀ ਗਾਇਕੀ ਦੀ ਬਦੌਲਤ ਸਮੁੱਚੇ ਪੰਜਾਬ ਦੇ ਨਾਲ ਨਾਲ ਨਰਮੇ ਦੇ ਇਹ
ਖੇਤਰ, ਜੋ ਪੰਜਾਬ ਦੀ ਦੱਖਣ ਪੱਛਮੀ ਪੱਟੀ ਅਖਵਾਉਂਦੇ ਹਨ, ਅੱਜ ਬੁਰੀ
ਤਰ•ਾਂ
ਪ੍ਰਭਾਵਿਤ ਹੋਏ ਹਨ। ਸੇਮ ਨੇ ਇਕੱਲੇ ਮੁਕਤਸਰ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਸਗੋਂ ਜੰਗਲ
ਦੇਸ ਕਹਾਉਂਦੇ ਮਾਨਸਾ, ਬਠਿੰਡੇ ਦੇ ਇਲਾਕੇ ਵੀ ਅਸਰ ਅੰਦਾਜ਼ ਕੀਤੇ ਹਨ। ਲੱਖੀ ਜੰਗਲ
ਕਹਾਉਂਦੇ ਫਰੀਦਕੋਟ ਤੇ ਅਗਾਂਹ ਜਾ ਕੇ ਅਬੋਹਰ, ਫਾਜ਼ਿਲਕਾ ਦੇ ਖੇਤਰ ਵੀ ਇਸ ਦੀ ਮਾਰ ਹੇਠ
ਹਨ। ਚਿੱਟੇ ਸੋਨੇ ਜਾਣੀ ਨਰਮੇ ਦਾ ਘਰ ਜਾਣੇ ਜਾਂਦੇ ਇਹਨਾਂ ਇਲਾਕਿਆਂ ਦਾ ਕਾਮਾ ਤੇ ਕਿਸਾਨ
ਅੱਜ ਆਰਥਿਕ ਪੱਖੋਂ ਬੁਰੀ ਤਰ•ਾਂ ਟੁੱਟ ਗਿਆ ਹੈ। ਅੱਜ ਤੋਂ ਚਾਰ ਸਾਲ ਪਹਿਲਾਂ ਇਸ ਇਲਾਕੇ
ਵਿਚੋਂ ਨਿਕਲੀ 24 ਲੱਖ ਗੰਢਾਂ ਦੀ ਪੈਦਾਵਾਰ ਘੱਟ ਕੇ ਇਸ ਸਾਲ ਛੇ ਲੱਖ ਗੰਢਾਂ ਵੀ
ਪੂਰੀਆਂ ਕਰਦੀ ਨਹੀਂ ਜਾਪਦੀ। ਕੁਦਰਤੀ ਕਾਰਨ ਵੀ ਹਨ। ਅਮਰੀਕਨ ਸੁੰਡੀ ਦੀ ਵਜ•ਾ ਵੀ ਹੈ ਪਰ
ਇਸਦੇ ਨਾਲ ਨਾਲ ਘਟੀਆ ਤੇ ਮਿਲਾਵਟੀ ਕੀੜੇ ਮਾਰ ਦਵਾਈਆਂ, ਸਰਕਾਰੀ ਮਸ਼ੀਨਰੀ ਦੀ ਬੇਗੌਰੀ,
ਵਿਭਾਗ ਨਾਲ ਸਬੰਧਤ ਮੁਲਾਜਮਾਂ, ਖੇਤੀ ਯੂਨੀਵਰਸਿਟੀ ਦੇ ਮਾਹਰਾਂ ਅਤੇ ਪਸਾਰ ਸਿਖਿਆ ਵਿਭਾਗ
ਵੱਲੋਂ ਜਾਣਕਾਰੀ ਪ੍ਰਦਾਨ ਕਰਨ ਦੇ ਪੱਖੋਂ ਕਿਸਾਨਾਂ ਨੂੰ ਪਿੱਠ ਵਿਖਾਉਣਾ, ਬੈਕਿੰਗ
ਪ੍ਰਣਾਲੀ ਦੀ ਘਟੀਆ ਕਾਰਗੁਜ਼ਾਰੀ, ਵਪਾਰੀ ਵਰਗ ਵੱਲੋਂ ਆੜ•ਤੀਏ, ਨਦੀਣ ਨਾਸ਼ਕ ਵਿਕਰੇਤਾ ਜਾਂ
ਕਿਸੇ ਹੋਰ ਰੂਪ ਵਿਚ ਕੀਤੀ ਲੁੱਟ ਖਸੁੱਟ ਨੂੰ ਵੀ ਘੱਟ ਕਸੂਰਵਾਰ ਨਹੀਂ ਠਹਿਰਾਇਆ ਜਾ
ਸਕਦਾ।
ਜਦੋਂ 'ਰੱਲੇ' ਪਿੰਡ ਦੀ ਸੱਥ ਵਿਚ ਬੈਠਾ ਕਿਸਾਨ ਅੱਖਾਂ ਭਰਕੇ ਆਖਦਾ ਹੈ,
''ਬਾਈ ਸਿਆਂ! ਬਾਣੀਆ, ਅਫਸਰਾਂ ਤੇ ਬੈਂਕਾਂ ਆਲਿਆਂ ਵੱਲੋ ਰੋਜ਼ ਰੋਜ਼ ਦੀ ਬੇਇੱਜ਼ਤੀ ਨਾਲੋਂ
ਤਾਂ ਮਰਨਾ ਚੰਗਾ ਅ'', ਤਾਂ ਮਹਾਂਨਗਰਾਂ ਵਿਚਲੀਆਂ ਖੋਜ ਸੰਸਥਾਵਾਂ ਦੇ ਸ਼ਹਿਰੀ ਚਿੰਤਕਾਂ
ਦੀਆਂ ਇਹ ਟਿਪਣੀਆਂ, ''ਕਿ ਪੰਜਾਬ ਦੀ ਕਿਸਾਨੀ ਕਰਜ਼ਾ ਵਧਣ ਕਰਕੇ ਜਾਂ ਪੇਂਡੂ ਆਰਥਿਕਤਾ ਦੇ
ਕਮਜ਼ੋਰ ਹੋਣ ਕਰਕੇ ਖੁਦਕਸ਼ੀਆਂ ਨਹੀਂ ਕਰ ਰਹੀ। ਇਹਦੀ ਮੁੱਖ ਵਜ•ਾ ਤਾਂ ਜਿਆਦਾ ਸ਼ਰਾਬ
ਪੀਣਾ, ਨਸ਼ੇ ਦੀਆਂ ਗੋਲੀਆਂ ਦੀ ਵਰਤੋਂ, ਘਰੇਲੂ ਝਗੜੇ ਕਰਨਾ ਜਾਂ ਫਿਰ ਵਿਆਹ ਸ਼ਾਦੀਆਂ ਵਿਚ
ਲੋੜੋਂ ਵੱਧ ਖਰਚ ਕਰਕੇ ਮਾਨਸਿਕ ਰੋਗੀ ਹੋਣ ਦੀ ਸਥਿਤੀ ਵਿਚ ਵਿਚਰਨ ਕਰਕੇ ਹੈ,''
ਸੰਕਟਗ੍ਰਸਤ ਕਿਸਾਨੀ ਨਾਲ ਇਕ ਕੋਝਾ ਮਜ਼ਾਕ ਲਗਦੀਆਂ ਹਨ।
ਪੰਜਾਬ ਦੀ ਪੇਂਡੂ
ਆਰਥਿਕਤਾ ਨਾਲ ਜੁੜੇ ਮਾਹਰ ਭਾਵੇਂ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਪੰਜਾਬ ਦਾ ਪੇਂਡੂ
ਅਰਥਚਾਰਾ ਕਰਜ਼ੇ ਥੱਲੇ ਦੱਬ ਗਿਆ ਹੈ। ਉਪਰੋਂ ਹੇਜ ਜਤਾਉਂਦੇ ਪਰ ਅੰਦਰੋਂ ਸਰਮਾਏਦਾਰਾਨਾ
ਪਹੁੰਚ ਨੂੰ ਪ੍ਰਣਾਏ ਮਹਾਂਨਗਰੀ ਸੰਸਥਾਵਾਂ ਦੇ ਇਹ ਨਾਮ ਨਿਹਾਦ ਚਿੰਤਕ ਅਸਲ ਵਿਚ ਕਿਸਾਨੀ
ਦੀ ਆਰਥਿਕਤਾ ਨੂੰ ਆਪਣੇ ਮੁਫਾਦੀ ਜ਼ਾਵੀਏ ਤੋਂ ਦੇਖਦੇ ਹੋਏ ਸੰਕਟ ਨੂੰ ਮਾਨਸਿਕਤਾ, ਸਮਾਜਿਕ
ਟੁੱਟ ਭੱਜ ਆਦਿ ਦੇ ਲੇਖੇ ਲਾਉਣ ਦੀ ਚਾਲ ਵਿਚ ਹਨ। ਇਸ ਨੂੰ ਹੋਰ ਠੋਸ ਬਣਾਉਣ ਖਾਤਰ ਉਹ
ਮਨੋਵਿਗਿਆਨੀਆਂ, ਡਾਕਟਰਾਂ ਤੇ ਸਾਇੰਸ ਦੀਆਂ ਤਕਨੀਕੀ ਜੁਗਤਾਂ ਦੀ ਮੋਹਰ ਲੁਆਉਣ ਦੀ ਕਸਰ
ਵੀ ਬਾਕੀ ਨਹੀਂ ਛੱਡਦੇ। ਪੇਂਡੂ ਆਰਥਿਕਤਾ ਦੀ ਡੂੰਘੀ ਸੂਝ ਰੱਖਦੇ ਡਾਕਟਰ ਸ਼ੇਰਗਿਲ ਪਹਿਲਾਂ
ਹੀ ਕਹਿ ਚੁੱਕੇ ਹਨ ਕਿ ਪੰਜਾਬ ਦੀ ਕਿਸਾਨੀ ਘੱਟੋ ਘੱਟ ਛੇ ਹਜ਼ਾਰ ਕਰੋੜ ਦੇ ਕਰੀਬ ਕਰਜ਼ਈ
ਹੈ। ਕਿਸਾਨ ਜਥੇਬੰਦੀਆ ਇਸ ਕਰਜ਼ੇ ਦੀ ਤਦਾਦ ਵੀਹ ਹਜ਼ਾਰ ਕਰੋੜ ਰੁਪਏ ਦੇ ਕਰੀਬ ਮੰਨਦੀਆਂ
ਹਨ।
ਪੰਜਾਬ ਵਿਚ ਕਰੀਬ ਕਰੀਬ ਚੌਵੀ ਹਜ਼ਾਰ ਆੜ•ਤੀਏ ਹਨ। ਅੱਜ ਦੇ ਦੌਰ ਵਿਚ ਕੋਈ
ਵੀ ਆੜ•ਤੀਆ ਪੰਜਾਹ ਲੱਖ ਤੋਂ ਘੱਟ ਰੁਪਿਆਂ ਨਾਲ ਆੜ•ਤ ਨਹੀਂ ਚਲਾ ਸਕਦਾ। ਇਸ ਹਿਸਾਬ ਨਾਲ
ਆੜ•ਤੀਆਂ ਦਾ ਕਰਜ਼ਾ ਹੀ ਦਸ ਹਜ਼ਾਰ ਕਰੋੜ ਰੁਪਏ ਤੋਂ ਉਪਰ ਬਣਦਾ ਹੈ। ਪੰਜਾਬ ਦਾ ਕਿਸਾਨ
ਬੈਂਕਾਂ ਤੇ ਵਿੱਤੀ ਅਦਾਰਿਆਂ ਦਾ ਵੀ ਇੰਨਾ ਹੀ ਕਰਜ਼ਈ ਹੈ। ਨਰਮਾ ਪੱਟੀ ਵਿਚ ਖਾਸ ਕਰਕੇ ਤੇ
ਮਾਲਵਾ ਖੇਤਰ ਵਿਚ ਆਮ ਕਰਕੇ ਕਿਸਾਨ ਦੀ ਆਥਿਕਤਾ ਕੇਂਦਰੀ ਪੰਜਾਬ ਦੇ ਮੁਕਾਬਲੇ ਆੜ•ਤੀਆਂ
ਦੇ ਹੱਥ ਜ਼ਿਆਦਾ ਹੈ। ਨਰਮਾ ਖੇਤਰਾਂ ਦੀ ਦੂਸਰੀ ਵਿਚਾਰਨ ਯੋਗ ਗੱਲ ਇਹ ਵੀ ਹੈ ਕਿ ਇਥੋਂ ਦਾ
ਆੜ•ਤੀਆ ਵਰਗ ਜ਼ਿਆਦਾਤਰ ਬਾਣੀਆ ਭਾਈਚਾਰੇ ਨਾਲ ਸਬੰਧਤ ਹੈ ਜਦੋਂ ਕਿ ਕੇਂਦਰੀ ਪੰਜਾਬ ਵਿਚ
ਕਿੱਤਾ ਰੂਪਾਂਤਰਣ ਅਤੇ ਬਾਹਰਲੇ ਮੁਲਕਾਂ ਵਿਚ ਵਸੇ ਇਸ ਖੇਤਰ ਦੇ ਪ੍ਰਵਾਸੀਆਂ ਵੱਲੋਂ ਭੇਜੇ
ਡਾਲਰਾਂ, ਪੌਡਾਂ ਜਾਂ ਹੋਰ ਰਕਮਾਂ ਕਰਕੇ ਅਮੀਰ ਜੱਟ ਸਿੱਖ ਕਿਸਾਨੀ ਵੀ ਕਾਫੀ ਤਦਾਦ ਵਿਚ
ਆੜ•ਤ, ਸ਼ੈਲਰ, ਭੱਠੇ, ਸ਼ਰਾਬ ਜਾਂ ਹੋਰ ਵਪਾਰਿਕ, ਕਿੱਤਿਆਂ ਵਿਚ ਪ੍ਰਵੇਸ਼ ਕਰ ਚੁੱਕੀ ਹੈ।
ਨਰਮਾ ਪੱਟੀ ਵਿਚ ਕਿਸਾਨੀ ਦੀਆਂ ਸਮੁੱਚੀਆਂ ਘਰੇਲੂ ਲੋੜਾਂ ਜਾਣੀ ਗੁੜ ਚਾਹ ਪੱਤੀ ਤੋਂ
ਲੈਕੇ ਕਪੜੇ ਤੱਕ ਅਤੇ ਖੇਤੀ ਦੀਆਂ ਨਿਤਾ ਪ੍ਰਤੀ ਦੀਆਂ ਜਰੂਰਤਾਂ ਜਿਵੇਂ ਡੀਜ਼ਲ, ਕੀੜੇ ਮਾਰ
ਦਵਾਈਆਂ, ਖਾਦ ਅਤੇ ਮਸ਼ੀਨਰੀ ਦੇ ਪੁਰਜ਼ਿਆਂ ਤੀਕ ਆੜ•ਤੀਏ ਰਾਹੀਂ ਹਾਸਲ ਕੀਤੇ ਜਾਂਦੇ ਰਹੇ
ਹਨ। ਪਹਿਲਾਂ ਹੀ ਕਰਜ਼ੇ ਥੱਲੇ ਆਈ ਨਰਮਾ ਖੇਤਰਾਂ ਦੀ ਕਿਸਾਨੀ ਪਿਛਲੇ ਤਿੰਨ ਚਾਰ ਸਾਲਾਂ
ਤੋਂ ਹੋਰ ਵੀ ਜ਼ਿਆਦਾ ਕਰਜ਼ਈ ਹੋ ਚੁੱਕੀ ਹੈ। ਨੌਬਤ ਇਥੇ ਤੀਕ ਪਹੁੰਚ ਚੁੱਕੀ ਹੈ ਕਿ ਆੜ•ਤੀਆ
ਹੁਣ ਹੋਰ ਪੈਸੇ ਦੇਣੋਂ ਕਤਰਾ ਰਿਹਾ ਹੈ ਅਤੇ ਜੇ ਦੇ ਵੀ ਰਿਹਾ ਹੈ ਤਾਂ ਪੈਰ ਫੂਕ ਫੂਕ ਕੇ
ਧਰਦਾ ਹੈ। ਇਥੋਂ ਤੀਕ ਕਿ ਕਈਆਂ ਨੂੰ ਤਾਂ ਜ਼ਮੀਨ ਦੀਆਂ ਫਰਦਾਂ ਲੈ ਕੇ ਅਡਵਾਂਸ ਦੇ ਰਿਹਾ
ਹੈ। ਭੁੱਚੋਂ ਕਲਾਂ (ਬਠਿੰਡਾ) ਦੇ ਕਿਸਾਨ ਦਾ ਕਿਸਾਨੀ ਸਿਰ ਚੜੇ• ਕਰਜ਼ੇ ਬਾਰੇ ਇਹ
ਵਿਸ਼ਲੇਸ਼ਣ, ''ਛੋਟੇ ਭਾਈ! ਚਾਰ ਕੁ ਸਾਲ ਪਹਿਲਾਂ ਤਾਂ ਰੁਪਈਏ ਵਿਚੋਂ ਤਿੰਨ ਆਨੇ ਜੱਟ ਪੱਕੇ
ਤੌਰ ਤੇ ਆੜ•ਤੀਆਂ ਦੇ ਦੇਣਦਾਰ ਸਨ, ਬਾਕੀ ਛਿਮਾਹੀ ਤੇ ਜਾਕੇ ਹਿਸਾਬ ਕਿਤਾਬ ਕਰ ਲੈਦੇਂ
ਸਨ ਪਰ ਹੁਣ ਤਾਂ ਰੁਪਈਏ ਵਿਚੋਂ ਪੰਦਰਾਂ ਆਨੇ ਕਰਜ਼ਈ ਹੋਗੇ। ਬਹੁਤੇ ਬਾਣੀਏ ਨਾਲ ਹਿਸਾਬ
ਕਰਨੋਂ ਵੀ ਕਤਰਾਉਂਦੇ ਨੇ। ਕਰਜ਼ਾ ਵੀ ਹਰੇਕ ਦੇ ਸਿਰ ਲੱਖਾਂ 'ਚ ਐ। ਮੈਂ ਨੀ ਕਹਿੰਦਾ ਕਿਸੇ
ਦੇ ਸਿਰ ਪੰਜਾਹ ਹਜ਼ਾਰ ਹੋਣੈ'', ਸਮੁੱਚੀ ਨਰਮਾ ਪੱਟੀ ਦੀ ਤਰਜ਼ਮਾਨੀ ਕਰਦਾ ਹੈ।
ਚੌਵੀ
ਪ੍ਰਤੀਸ਼ਤ ਵਿਆਜ਼ ਉਤੇ ਆੜ•ਤੀਏ ਤੋਂ ਲਿਆ ਇਹ ਕਰਜ਼ਾ ਵੇਲ ਵਾਗੂੰ ਵਧਦਾ ਹੀ ਜਾ ਰਿਹਾ ਹੈ।
ਆੜ•ਤੀਆਂ ਨੇ ਨਰਮੇ ਦੀ ਫਸਲ ਦੀ ਘੱਟ ਆਮਦ ਨੂੰ ਵੇਖਦਿਆਂ ਆਪਣਾ ਨਫ਼ਾ ਬਰਕਰਾਰ ਰੱਖਣ ਦੇ
ਨਵੇਂ ਢੰਗ ਲੱਭ ਲਏ ਹਨ। ਬੁਢਲਾਢੇ ਲਾਗਲੇ ਪਿੰਡ 'ਵਰ•ੇ' (ਮਾਨਸਾ) ਦੀ ਸੱਥ ਵਿਚ ਬੈਠੇ
ਉਦਾਸ ਚੇਹਰਿਆਂ ਵਾਲੇ ਜੱਟਾਂ ਵਿਚੋਂ ਗੁਰਜੰਟ ਦੇ ਇਹ ਬੋਲ, ''ਬਾਈ ਕੀ ਕਰੀਏ, ਹੋਰ ਭਾਮੇਂ
ਕੋਈ ਦੱਸੇ ਨਾ ਦੱਸੇ ਮੈਂ ਦੱਸਣੋ ਨੀ ਸੰਗਿਆਉਦਾਂ। ਪਿਛਲੇ ਸਾਲ ਆੜ•ਤੀਏ ਦਾ ਪੰਜਾਹ ਹਜ਼ਾਰ
ਖੜਾ ਰਹਿ ਗਿਆ। ਐਤਕੀ ਜਦ ਪੰਜ ਕਵਿੰਟਲ ਨਰਮੇ ਦੇ ਲੈਕੇ ਗਿਆ, ਬਾਣੀਆਂ ਕਹਿੰਦਾ ਬਈ
ਪਹਿਲਾਂ ਖੜੇ ਪੰਜਾਹ ਹਜ਼ਾਰ ਦਾ ਵਿਆਜ ਤੇਆੜ•ਤ ਕੱਟ ਕੇ ਹੁਣ ਤੇਰੇ ਕੰਨੀ ਪੰਚਵੰਜਾ ਹਜ਼ਾਰ
ਹੋ ਗਿਆ। ਹੱਦ ਨੀ ਯਾਰ, ਨਾਲੇ ਨਰਮਾ ਗਿਆ ਨਾਲੇ ਪੰਜ ਹਜ਼ਾਰ ਹੋਰ ਵੱਧ ਗਿਆ। ਤੂੰ ਹੀ ਦੱਸ
ਬਾਈ ਸਿਆਂ ਜਾਈਏ ਤਾਂ ਕਿਥੇ ਜਾਈਏ?'' ਆੜ•ਤੀਏ ਦੇ ਸਮੁੱਚੇ ਢੰਗ ਤਰੀਕਿਆਂ ਤੇ ਚਾਨਣਾ
ਪਾਉਂਦੇ ਹਨ। ਵਿੰਗੇ ਟੇਢੇ ਢੰਗ ਨਾਲ ਕਿਸਾਨ ਦੀ ਮਾਂ ਜਮੀਨ ਵੀ ਉਹਦੇ ਹੱਥਾਂ ਵਿਚੋਂ
ਖਿਸਕਦੀ ਜਾਂਦੀ ਜਾਪਦੀ ਹੈ। ਅੰਗਰੇਜ਼ਾਂ ਦੇ ਜ਼ਮਾਨੇ ਵਿਚ ਕਿਸਾਨਾਂ ਹੱਥੋਂ ਨਿਕਲਦੇ ਬਾਣੀਆਂ
ਕੋਲ ਜਮੀਨਾਂ ਦੇ ਜਾਣ ਦੀਆਂ ਕਹਾਣੀਆਂ ਅਕਸਰ ਹੀ ਲੋਕ ਅੱਜ ਵੀ ਸੁਣਾਉਂਦੇ ਹਨ। ਇਸ ਦੇ ਲਈ
ਛੋਟੂ ਰਾਮ ਵਲੋਂ ਕਿਸਾਨੀ ਦੇ ਹੱਕ ਵਿਚ ਮਾਰੇ ਹਾਅ ਦੇ ਨਾਅਰੇ ਨੂੰ ਵੀ ਸਤਿਕਾਰ ਨਾਲ
ਵੇਖਦੇ ਹਨ। ਅੱਜ ਵੀ ਨਰਮਾ ਖੇਤਰਾਂ ਵਿਚ ਜਮੀਨ ਕਿਸਾਨੀ ਦੇ ਹੱਥਾਂ ਵਿਚੋਂ ਨਿਕਲਣ ਦੀਆਂ
ਗੱਲਾਂ ਸੱਥਾਂ ਵਿਚ ਹੋਣ ਲੱਗ ਪਈਆਂ ਹਨ। ਹੁਣ ਜਮੀਨ ਇੱਕਲੇ ਬਾਣੀਏ ਦੇ ਕੋਲ ਹੀ ਨਹੀਂ ਜਾ
ਰਹੀ ਇਸ ਦੇ ਨਾਲ ਨਾਲ ਧਨਾਢ ਕਿਸਾਨਾ, ਅਫਸਰਸ਼ਾਹੀ ਤੇ ਸਿਆਸੀ ਜੀਵਨ ਹੰਢਾਉਂਦੇ ਅਮੀਰ
ਜੱਟਾਂ ਤੋਂ ਦੋ ਨੰਬਰ ਦੀ ਕਮਾਈ ਕਰਦੇ ਰਿਸ਼ਵਤਖੋਰਾਂ ਦੇ ਹੱਥਾਂ ਵਿਚ ਵੀ ਜਾ ਰਹੀ ਹੈ।
ਪਿੰਡ ਜੋੜਕੀਆਂ (ਮਾਨਸਾ) ਦੀ ਸੱਥ ਵਿਚ ਸਮੁੱਚੀ ਕਿਸਾਨੀ ਦੀ ਦੁਰਦਸ਼ਾ ਦੀ ਤਫਸੀਲ
ਸੁਣਾਉਦਿਆਂ ਜਦੋਂ ਜੱਗਰ ਆਖਦਾ ਏ, ''ਬਾਈ ਮੈਂ ਨੀਂ ਕਹਿੰਦਾ ਆਪਣੇ ਬੰਨੇ ਚੰਨੇ ਕਿਸੇ ਨਾ
ਕਿਸੇ ਜੱਟ ਦੀ ਜਮੀਨ ਨਾ ਵਿਕੀ ਹੋਵੇ। ਅਸਲ 'ਚ ਤਾਂ ਬਾਈ ਵਿੰਗੇ ਟੇਢੇ ਢੰਗ ਨਾਲ ਜਮੀਨ
ਬਾਣੀਆਂ ਤੇ ਖਾਂਦੇ ਪੀਦੇਂ ਘਰਾਂ ਕੋਲ ਈ ਜਾਈ ਜਾਂਦੀ ਐ। ਆਵਦੇ ਪਿੰਡ 'ਚ ਹੀ ਵੇਖ ਲੈ, ਐਸ
ਸਾਲ 'ਚ ਹੀ ਦਸ ਕਿੱਲੇ ਵਾਹਣ (ਪੈਲੀ) ਮੰਡੀ ਆਲੇ ਬਾਣੀਆਂ ਨੇ ਬੈਅ ਕਰਾ ਲੀ। ਨਾਂ
ਕਾਹਨੂੰ ਲੈਣਾ ਐ ਤੁਸੀਂ ਜਾਣਦੇ ਈ ਓਂ ਤੇ ਨਾਲੇ ਭਾਅ ਵੀ ਕਿਹੜੇ ਲਈ ਲੱਖ ਤੋਂ ਵੀ ਘੱਟ,
ਝੋਟੇ ਦਾ ਸਿਰ ਵਾਹਣ ਸੀ ਉਹ। ਬਾਣੀਆਂ ਦੇ ਇਸ ਵਾਹਣ ਨੂੰ ਹੁਣ ਭਾਮੇਂ ਤੂੰ ਵਾਹੀ ਜਾਮੇਂ
ਭਾਮੇ ਮੈਂ ਵਾਹੀ ਜਾਮਾਂ ਜਮੀਨ ਤਾਂ ਜੱਟ ਦੇ ਹੱਥੋ ਖਿਸਕ ਕੇ ਬਾਣੀਏ ਦੇ ਨਾਂ ਚੜ•ਗੀ।''
ਜੱਗਰ ਦੀ ਇਸ ਵਾਰਤਾਲਾਪ ਵਿੱਚੋਂ ਇਕੱਲੀ ਨਰਮਾ ਪੱਟੀ ਦੀ ਤਫਸੀਲ ਹੀ ਨਹੀਂ ਮਿਲਦੀ ਸਗੋਂ
ਸਮੁੱਚੇ ਪੰਜਾਬ ਦੀ ਤਸਵੀਰ ਵੀ ਇਸ ਤੋਂ ਵੱਖਰੀ ਨਹੀਂ ਹੈ। ਫਰਕ ਐਨਾਂ ਹੈ ਕਿ ਕੇਂਦਰੀ
ਪੰਜਾਬ ਵਿਚ ਜਮੀਨ ਨੂੰ ਬਿਦੇਸ਼ੀ ਕਮਾਈ ਜਾਂ ਅਫਸਰਸ਼ਾਹੀ ਦੀ ਖੱਟੀ ਜਾਂ ਕਿੱਤਿਆਂ ਵਿਚੋਂ
ਕਮਾਏ ਬੇਹਿਸਾਬੇ ਮੁਨਾਫੇ ਨਾਲ ਖਰੀਦਿਆ ਜਾ ਰਿਹਾ ਹੈ।
ਕਿਸਾਨੀ ਦੇ ਇਸ ਸੰਕਟ ਦੀ
ਬਦੌਲਤ ਪੰਜਾਬ ਵਿਚਲੇ ਖੇਤ ਮਜਦੂਰਾਂ ਅਤੇ ਔਰਤ ਵਰਗ ਦੀ ਸਥਿਤੀ ਹੋਰ ਵੀ ਗੰਭੀਰ ਹੋ ਗਈ
ਜਾਪਦੀ ਹੈ। ਨਰਮਾ ਪੱਟੀ ਵਿਚ ਇਨ•ਾਂ ਦੀ ਦੁਰਗਤ ਸਭ ਤੋਂ ਜਿਆਦਾ ਹੋਈ ਹੈ। ਮਲਵਈ ਸਭਿਆਚਾਰ
ਵਿਚ ਕਾਮਾ ਤੇ ਕਿਸਾਨ ਹਮੇਸ਼ਾ ਇਕੱਠੇ ਰੂਪ ਵਿਚ ਇਕ ਧਿਰ ਹੋਕੇ ਵਿਚਰੇ ਹਨ। ਹਰੇ ਇਨਕਲਾਬ
ਦੀ ਬਦੌਲਤ ਭਾਵੇਂ ਕੇਂਦਰੀ ਪੰਜਾਬ ਵਿਚ ''ਸੀਰੀ'' ਰੱਖਣ ਦੀ ਪ੍ਰਵਿਰਤੀ ਪਹਿਲਾਂ ਖੇਤ
ਮਜਦੂਰ ਵਲੋਂ ਦਿਹਾੜੀ ਤੇ ਕੰਮ ਕਰਨ ਵਿਚ ਤਬਦੀਲ ਹੋਈ ਤੇ ਬਾਅਦ ਵਿਚ ਸਥਾਨਿਕ ਖੇਤ ਮਜਦੂਰ
ਦੀ ਜਗ•ਾ ''ਭਈਆਂ ਲੇਬਰ“ ਨੇ ਲੈ ਲਈ ਜਿਸ ਕਰਕੇ ਕਿਸਾਨ ਅਤੇ ਸਥਾਨਿਕ ਮਜ਼ਦੂਰ ਦੇ ਸਬੰਧਾਂ
ਵਿਚ ਤ੍ਰੇੜ ਵੀ ਆਈ ਅਤੇ ਸਥਾਨਿਕ ਖੇਤ ਮਜ਼ਦੂਰ ਰਾਜ ਮਿਸਤਰੀ, ਉਸਾਰੀ ਖੇਤਰ ਦਾ ਮਜਦੂਰ ਜਾਂ
ਫਿਰ
ਸ਼ਹਿਰੀ ਖੇਤਰਾਂ ਵਿਚ ਜਾ ਕੇ ਮਜਦੂਰੀ ਕਰਨ ਲੱਗ ਪਿਆ। ਪਰ ਮਾਲਵਾ ਖੇਤਰ
ਵਿਚ ਆਮ ਕਰਕੇ ਤੇ ਨਰਮਾ ਪੱਟੀ ਵਿਚ ਖਾਸ ਕਰਕੇ ''ਸੀਰੀ ਸਭਿਆਚਾਰ'' ਤੇ 'ਹਿੱਸੇ ਪੱਤੀ ਦੀ
ਖੇਤੀ ਦਾ ਰੁਝਾਨ ਬਰਕਰਾਰ ਰਿਹਾ। ਕਿਸਾਨ ਦੇ ਆਰਥਿਕ ਸੰਕਟ ਦੀ ਬਦੌਲਤ ਨਰਮਾ ਪੱਟੀ ਵਿਚ
ਇਸ ਰੁਝਾਨ ਤੇ ਜਬਰਦਸਤ ਸੱਟ ਵੱਜੀ ਹੈ। ਸੀਰੀ ਸਭਿਆਚਾਰ ਆਪਣੇ ਖਾਤਮੇ ਵੱਲ ਤੁਰਦਾ ਹੋਇਆ
ਨੌਕਰੀ ਦੇ ਰੁਝਾਨ ਵਿਚ ਰੂਪਾਂਤਰਤ ਹੋ ਗਿਆ ਹੈ। ਹੁਣ ਸਥਾਨਿਕ ਖੇਤ ਮਜਦੂਰ ਕਿਸਾਨ ਕੋਲ
ਉੱਕੇ ਪੁੱਕੇ ਪੈਸਿਆਂ ਵਿਚ ਸਾਲ ਭਰ ਲਈ ਨੌਕਰੀ ਕਰਨ ਲੱਗੇ। ਨਰਮਾ ਪੱਟੀ ਦੇ ਹਰ ਕਿਸਾਨ ਘਰ
ਵਿਚ ਇਕ ਤੋਂ ਲੈਕੇ ਚਾਰ ਤੀਕ ਸਥਾਨਕ ਨੌਕਰ ਸਨ। ਜਾਣੀ ਪਿੰਡ ਦੇ ਗਰੀਬਾਂ ਨੂੰ ਰੁਜਗਾਰ
ਖਾਤਰ ਬਾਹਰ ਜਾਣ ਦੀ ਲੋੜ ਨਹੀਂ ਸੀ। ਪਰ ਪਿੰਡ ਵਿਚ ਖੇਤੀ ਕਿੱਤੇ ਨਾਲ ਸਬੰਧਤ ਖੇਤ
ਮਜਦੂਰਾਂ (ਨੌਕਰਾਂ) ਦੀ ਤਦਾਦ ਸੈਂਕੜਿਆਂ ਵਿਚ ਸੀ। ਪਰ ਕਿਸਾਨੀ ਸੰਕਟ ਨੇ ਕਿਸਾਨ ਨੂੰ
ਇਥੋਂ ਤੀਕ ਮਜਬੂਰ ਕਰ ਦਿਤਾ ਹੈ ਕਿ ਉਹ ਹੁਣ ਵਾਹ ਲਗਦੀ ਨੌਕਰ ਰੱਖਣ ਦੀ ਸਥਿਤੀ ਵਿਚ ਨਹੀਂ
ਹੈ। ਅੱਜ ਦੀ ਮਹਿੰਗਾਈ ਦੇ ਜ਼ਮਾਨੇ ਵਿਚ ਭਾਵੇਂ ਨੌਕਰੀ ਦੀ ਰਕਮ ਵੀ ਅਠਾਰਾਂ ਹਜ਼ਾਰ ਰੁਪਏ
ਪ੍ਰਤੀ ਸਾਲ ਤੋਂ ਘੱਟ ਕੇ ਬਾਰਾਂ ਤੇਰਾਂ ਹਜ਼ਾਰ ਤੇ ਆ ਗਈ ਹੈ। ਪਥਰਾਲੇ (ਬਠਿੰਡਾ) ਪਿੰਡ
ਦੇ ਟੋਭੇ ਤੇ ਮੱਝਾਂ ਨੁਹਾ ਰਿਹਾ ਬਿੱਕਰ ਜਿਸ ਦੀ ਪਿਛਲੇ ਸਾਲ ਨੌਕਰੀ ਸਤਾਰਾਂ ਹਜ਼ਾਰ ਰੁਪਏ
ਪ੍ਰਤੀ ਸਾਲ ਸੀ, ਹੁਣ ਸਾਡੇ ਚੋਦਾਂ ਹਜ਼ਾਰ ਰੁਪਏ ਪ੍ਰਤੀ ਸਾਲ ਨੌਕਰੀ ਕਰਨ ਲਈ ਮਜਬੂਰ ਹੈ।
ਬਿੱਕਰ ਦੇ ਇਹ ਬੋਲ ਕਿ ''ਸਰਦਾਰ ਜੀ ਜੱਟ ਦੇ ਥੱਲੇ ਲੱਗਣ ਨਾਲ ਮਜਦੂਰ ਵੀ ਥੱਲੇ ਲੱਗ
ਗਿਆ। ਸਾਡੇ ਪਿੰਡ ਵਿਚ ਹੀ ਚਾਰ ਪੰਜ ਸਾਲ ਪਹਿਲਾ ਚਾਰ ਪੰਜ ਸੌ ਮੁੰਡੇ ਜਿੰਮੀਦਾਰਾਂ ਨਾਲ
ਨੌਕਰੀ ਕਰਦੇ ਸਨ। ਹਰ ਸਾਲ ਨੌਕਰੀ ਦੇ ਪੈਸੇ ਵਧਦੇ ਸਨ। ਪਰ ਮਾੜੀ ਕਿਸਮਤ ਨੂੰ ਫਸਲਾਂ ਨੇ
ਕਾਹਦਾ ਧੋਖਾ ਦਿੱਤਾ ਹੁਣ ਤਾਂ ਜੀ ਸਾਰੇ ਪਿੰਡ ਵਿਚ ਸੌ ਦੇ ਲਗਭਗ ਹੀ ਨੌਕਰ ਹੋਣੇ ਨੇ। ਉਹ
ਵੀ ਉਹਨਾਂ ਨਾਲ ਜਿਹਨਾਂ ਕੋਲ ਵਾਹਣ ਜਿਆਦਾ ਐ, ਨਹੀਂ ਤਾਂ ਛੋਟੇ ਤੇ ਦਰਮਿਆਨੇ ਜੱਟਾਂ
ਵਿਚ ਨੌਕਰ ਰੱਖਣ ਦੀ ਪਰੋਖੋਂ ਹੀ ਨਹੀ ਹੈ ਜੀ। ਇਕ ਪਾਸੇ ਸਹੁਰੀ ਮਹਿੰਗਾਈ ਛਾਲਾਂ ਮਾਰਦੀ
ਉੱਪਰ ਨੂੰ ਜਾਂਦੀ ਐ, ਦੂਸਰੇ ਪਾਸੇ ਹਰ ਸਾਲ ਨੌਕਰੀ ਦੇ ਪੈਸੇ ਪਹਿਲਾਂ ਨਾਲੋਂ ਘਟੀ ਜਾਂਦੇ
ਨੇ। ਵਿਚਾਰਾ ਜੱਟ ਵੀ ਕੀ ਕਰੇ ਇਹ ਤਾਂ ਆਪ ਹੀ ਥੁੜ ਦਾ ਮਾਰਿਆ ਪਿਆ ਐ। ਮਾੜਾ ਜੱਟ ਤਾਂ
ਜੀ ਹੁਣ ਆਪ ਹੀ ਦਿਹਾੜੀਆਂ ਕਰਨ ਲਈ ਮਜਬੂਰ ਐ। ਸਾਡੇ ਪਿੰਡ 'ਚ ਹੀ ਪੰਜ ਛੇ ਜੱਟਾਂ ਦੇ
ਮੁੰਡੇ ਦਿਹਾੜੀਆਂ ਕਰਨ ਦੀ ਨੌਬਤ ਵਿਚ ਨੇ।'' ਇਕ ਪਾਸੇ ਖੇਤ ਮਜਦੂਰਾਂ ਦੀ ਵਿਗੜ ਰਹੀ ਦਸ਼ਾ
ਨੂੰ ਬਿਆਨਦੇ ਹਨ ਅਤੇ ਦੂਸਰੇ ਪਾਸੇ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਦੁਰਦਸ਼ਾ ਬਾਬਤ
ਗੰਭੀਰਤਾ ਭਰੀ ਹਮਦਰਦੀ ਜ਼ਾਹਰ ਕਰਦੇ ਹਨ। ਹਿੱਸੇ ਪੱਤੀ ਉੱਤੇ ਜ਼ਮੀਨ ਲੈ ਕੇ ਗੁਜ਼ਰ ਬਸਰ ਕਰਨ
ਵਾਲੇ ਗੈਰ ਕਿਸਾਨਾਂ (ਖੇਤ ਮਜਦੂਰਾਂ) ਦਾ ਖਾਦਾਂ, ਵਾਹੀ ਤੇ ਸਪਰੇਆਂ ਨੇ ਇਹੋ ਜਿਹਾ ਹਾਲ
ਬਣਾ ਦਿੱਤਾ ਹੈ ਕਿ ਉਹਨਾਂ ਨੇ ਖਰਚਾ ਮੁੜਦਾ ਨਾ ਵੇਖਕੇ ਖੜੀ ਫ਼ਸਲ ਹੀ ਮਾਲਕ ਕਿਸਾਨ ਨੂੰ
ਸੰਭਾਲ ਦਿੱਤੀ। ਬੱਲੂ ਆਣੇ ਦਾ ਨਾਮਾਂ ਮਜ•ਬੀ ਧੁਰ ਅੰਦਰੋਂ ਰੋਦਾਂ ਹੋਇਆ ਸਭ ਨੂੰ ਉਦਾਸ
ਕਰਦਿਆਂ ਜਦੋਂ ਆਖਦਾ ਹੈ, ''ਕੀਹਨੂੰ ਸੁਣਾਈਏ ਜੀ, ਸਰਦਾਰਾਂ ਦਾ ਚਾਰ ਕਿੱਲੇ ਵਾਹਣ ਬਹੁਤ
ਮਿਹਨਤਨਾਲ ਵਾਹਿਆ ਸੁਆਰਿਆ, ਫੇਰ ਨਰਮਾ ਬੀਜ ਦਿੱਤਾ, ਕਰਜ਼ਾ ਚੁੱਕ ਕੇ ਖਾਦਾਂ ਤੇ ਦਵਾਈਆਂ
ਲਿਆਂਦੀਆਂ। ਉਪਰੋ ਥਲੀ ਬਾਈ ਸਪਰੇਆਂ ਕੀਤੀਆਂ। ਨਰਮਾ ਬਥੇਰਾ ਵਧ ਗਿਆ ਪਰ ਫਲ ਖੁਣੋਂ ਖਾਲੀ
ਰਹਿ ਗਿਆ। ਸਰਦਾਰ ਜੀ ਸੱਚ ਜਾਣਿਓ, ਸਰਦਾਰਾਂ ਤੋਂ ਮਿੰਨਤ ਤਰਲਾ ਕਰਕੇ ਮਸਾਂ ਖਹਿੜਾ
ਛੁਡਾਇਆ। ਆਪਣਾ ਪੱਲਾ ਛੁਡਾ ਕੇ ਜਮਾਂ ਹੀ ਖਾਲੀ ਘਰ ਆਏ ਆਂ ਸਗੋਂ ਦਸ ਪੰਦਰਾਂ ਹਜ਼ਾਰ ਦੇ
ਥੱਲੇ ਆਗੇ। ਵਿਚਾਰੇ ਜੱਟਾਂ ਦਾ ਵੀ ਕੀ ਕਸੂਰ, ਸਾਡੀ ਕਿਸਮਤ ਹੀ ਧੋਖਾ ਦੇਗੀ।'' ਤਾਂ ਇਉਂ
ਜਾਪਦਾ ਹੈ ਕਿ ਨਾਮਾਂ ਕਾਮੇ ਤੇ ਕਿਸਾਨ ਦੀ ਆਰਥਿਕ ਮੰਦਹਾਲੀ ਦਾ ਮਰਸੀਆ ਗਾ ਰਿਹਾ ਹੋਵੇ।
ਇਸ
ਆਰਥਿਕ ਮੰਦਹਾਲੀ ਦੇ ਆਲਮ ਨੇ ਨਰਮਾਂ ਪੱਟੀ ਦੀ ਔਰਤ ਨੂੰ ਬਿਲਕੁਲ ਹੀ ਬੇਰੁਜ਼ਗਾਰ ਤੇ
ਨਿਕਰਮਣ ਬਣਾ ਦਿੱਤਾ ਹੈ। ਪਿਛਲੇ ਸਾਲਾਂ ਦੌਰਾਨ ਕਿਸਾਨ ਤੇ ਮਜ਼ਦੂਰ ਔਰਤ ਨਰਮੇ ਦੀ ਚੁਗਾਈ
ਕਰਕੇ ਆਪਣੇ ਪਰਿਵਾਰਾਂ ਦੀ ਆਮਦਨ ਵਿਚ ਭਰਵਾਂ ਵਾਧਾ ਕਰਦੀ ਸੀ ਪਰ ਝਾੜ ਘਟਣ ਕਰਕੇ ਅੱਜ
ਕਿਸਾਨ ਤੇ ਮਜ਼ਦੂਰ ਔਰਤ ਦੀ ਆਮਦਨ ਕਰੀਬ ਕਰੀਬ ਦਸਵਾਂ ਹਿੱਸਾ ਰਹਿ ਗਈ। ਵੱਡੀ ਦਲ•ਾਨ ਵਿਚ
ਬੈਠੀ ਘਰ ਦੀ ਬਜ਼ੂਰਗ ਔਰਤ ਨਾਲ ਜਦੋਂ ਮੌੜ 'ਚੜ•ਤ ਸਿੰਘ' (ਬਠਿੰਡਾ) ਪਿੰਡ ਦੀ ਆਰਥਿਕਤਾ
ਬਾਬਤ ਚਰਚਾ ਚੱਲੀ ਤਾਂ ਉਸਦੇ ਹੌਕੇ ਭਰੇ ਇਹ ਬੋਲ, ''ਵੇ ਪੁੱਤਾ! ਕਾਹਨੂੰ ਮਰਿਆਂ ਦੇ ਕਫ਼ਨ
ਪਾੜਦਾ ਐਂ। ਆਹ ਦਲ•ਾਨ, ਜਿਥੇ ਤੂੰ ਬੈਠਾ ਐਂ ਨਰਮੇ ਨਾਲ ਭਰੀ ਰਹਿੰਦੀ ਸੀ। ਵਿਚਾਰੇ
ਕਮੀਣ ਕਾਦੂੰ ਤੇ ਚੋਣੀਆਂ ਇਸ ਘਰ ਵਿੱਚੋਂ ਰੱਜ ਰੱਜ ਜਾਂਦੇ ਸਨ। ਐਹ ਜੀ ਬਰਕਤ ਸੀ ਬਈ
ਚਿੜੀ ਜਨੌਰ ਗਰੀਬ ਗੁਰਬਾ ਕਦੇ ਐਸ ਦਰਵਾਜ਼ਿਓਂ ਖਾਲੀ ਨੀ ਗਿਆ ਸੀ। ਪਤਾ ਨਹੀਂ ਕੀਹਦੀ ਨਜ਼ਰ
ਲੱਗਗੀ। ਪੂਰੇ ਚਾਲੀ ਕਿੱਲਿਆਂ ਵਿਚੋਂ ਪੈਂਤੀ ਮਣ ਨਰਮਾ ਨਿਕਲਿਆ। ਅੱਗੋਂ ਔਤ ਗਿਆਂ ਦਾ
ਬਾਣੀਆ ਆਂਹਦਾ, ''ਬੇਬੇ ਥੋਡੇ ਵੰਨੀਂ ਸਪਰੇਆਂ ਸਪਰੇਆਂ ਦਾ ਈ ਸਵਾ ਲੱਖ ਬਣਦਾ ਐ।'' ਵੇ
ਭਾਈ! ਸਾਡੀ ਜੱਟਾਂ ਦੀ ਕਾਹਦੀ ਜਿੰਦਗੀ ਐ ਸੋਚਿਆ ਸੀ ਐਤਕੀ ਪੋਤੀ ਦਾ ਵਿਆਹ ਹੋਜੂ,
ਪਹਿਲਾਂ ਹੀ ਉਮਰ ਵਿਚ ਚੜ•ਦੀ ਜਾਂਦੀ ਹੈ ਪਰ ਜੋ ਭਾਵੇ ਕਰਤਾਰ, ਜਿੱਥੇ ਉਹਨੇ ਰੱਖਣਾ ਉਥੇ
ਹੀ ਰੱਖਣਾ ਐ। ਪਰ ਪੁੱਤ ਜੱਟ ਤਾਂ ਸਹੁਰਾ ਕਿਸੇ ਦਾ ਮਾੜਾ ਨੀ ਕਰਦਾ ਫਿਰ ਇਹਨੂੰ ਰੱਬ
ਵੰਨਿਓ ਤੇ ਆਲੇ ਦੁਆਲਿਓ ਮਾਰ ਕਿਉਂ ਪੈਂਦੀ ਐ?'' ਸਮੇਂ ਦੀਆਂ ਸਰਕਾਰਾਂ ਤੇ ਨਿਜ਼ਾਮ ਤੋਂ
ਜਵਾਬ ਮੰਗਦੇ ਹਨ। ਬਠਿੰਡਾ, ਮੁਕਤਸਰ, ਮਾਨਸਾ, ਅਬੋਹਰ ਤੇ ਨਰਮਾ ਪੱਟੀ ਦੇ ਹੋਰ ਵੱਡੇ
ਵੱਡੇ ਸ਼ਹਿਰਾਂ ਵਿਚ ਵੱਡੇ ਵੱਡੇ ਮੈਰਿਜ ਪੈਲੇਸ ਉਸਰ ਚੁੱਕੇ ਹਨ ਅਤੇ ਇਥੇ ਸ਼ਹਿਰੀ ਤੇ
ਪੇਂਡੂ ਧਨਾਢ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਆਪਣੇ ਧੀਆਂ ਪੁਤਰਾਂ ਦੀਆਂ ਵਿਆਹ ਸ਼ਾਦੀਆਂ
ਰਚਾਉਂਦੇ ਹਨ ਪ੍ਰੰਤੂ ਪੇਂਡੂ ਆਰਥਿਕਤਾ ਵਿਚਲੀ ਜਿਆਦਾ ਤਰ ਕਿਸਾਨੀ ਤੇ ਕਾਮਾਂ ਜਮਾਤ ਅੱਜ
ਇਸ ਸਥਿਤੀ ਵਿਚ ਹੈ ਕਿ ਉਹ ਆਪਣੇ ਵਿਆਹੁਣ ਯੋਗ ਮੁੰਡੇ ਤੇ ਕੁੜੀਆਂ ਦੇ ਵਿਆਹ ਕਰਨ ਤੋਂ ਵੀ
ਅਸਮਰੱਥ ਹੈ। ਉਹ ਸਾਦੇ ਤੋਂ ਸਾਦਾ ਵਿਆਹ ਕਰਨ ਤੋਂ ਬਾਅਦ ਵੀ ਘਰ ਗ੍ਰਹਿਸਤੀ ਦੀ ਗੱਡੀ
ਰੋੜ•ਨ ਤੋਂ ਅਸਮਰੱਥ ਹਨ। ਉਹਨਾਂ ਨੂੰ ਤਾਂ ਕਰਜ਼ਾ ਘੁਣ ਵਾਂਗ ਖਾ ਰਿਹਾ ਹੈ ਤੇ ਰੋਟੀ ਦਾ
ਸੰਸਾ ਲੱਗਾ ਹੋਇਆ ਹੈ। ਜਦੋਂ ਕੋਈ ਮਹਾਂਨਗਰ
ਵਿਚ ਬੈਠਾ ਚਿੰਤਕ ਪਿੰਡਾਂ ਦੇ ਆਮ
ਲੋਕਾਂ ਵੱਲੋਂ ਵਿਆਹਾਂ ਤੇ ਲੋੜੋ ਵੱਧ ਖਰਚ ਕਰਨ ਦੀ ਵਜ•ਾ ਨੂੰ ਉਹਨਾਂ ਦੀ ਗਰੀਬੀ ਦਾ
ਕਾਰਨ ਮੰਨਦਾ ਹੈ ਤਾਂ ਜਾਪਦਾ ਹੈ ਕਿ ਉਹ ਸਮੁੱਚੀ ਕਿਸਾਨ ਜਮਾਤ ਨੂੰ ਇਕੋ ਚੌਖਟੇ ਵਿਚ ਰੱਖ
ਕੇ ਵੇਖਣ ਦਾ ਆਦੀ ਹੋ ਗਿਆ ਹੈ। ਅਸਲ ਵਿਚ ਕਿਸਾਨੀ ਦੇ ਆਰਥਿਕ ਸੰਕਟ ਨੇ ਉਨ•ਾਂ ਦੇ
ਸਮਾਜਿਕ ਜੀਵਨ ਨੂੰ ਵੀ ਖਿੰਡਾ ਕੇ ਰੱਖ ਦਿੱਤਾ ਹੈ। ਨਰਮਾ ਪੱਟੀ ਵਿਚ ਸੰਯੁਕਤ ਪਰਿਵਾਰ
ਜਾਣੀ ਲਾਣੇ ਤੇ ਘਰਾਣੇ ਨੂੰ ਹਮੇਸ਼ਾਂ ਸਤਿਕਾਰ ਨਾਲ ਦੇਖਿਆ ਜਾਂਦਾ ਰਿਹਾ ਹੈ। ਪੰਜਾਹ
ਪੰਜਾਹ ਜੀਆਂ ਦਾ ਇਕੱਠਾ ਪਰਿਵਾਰ ਅਤੇ ਉਸਦਾ ਇਕ ਲਾਣੇਦਾਰ। ਜਿਧਰ ਨੂੰ ਲਾਣੇਦਾਰ ਤੋਰਦਾ
ਉਧਰ ਨੂੰ ਸਮੁੱਚਾ ਪਰਿਵਾਰ ਤੁਰਦਾ ਰਿਹਾ ਹੈ। ਪਰ ਕਿਸਾਨੀ ਦੇ ਸੰਕਟ ਨੇ ਨਰਮਾ ਪੱਟੀ ਦੇ
ਕਿਸਾਨੀ ਪਰਿਵਾਰਾਂ ਦੇ ਇਕੱਠ ਤੇ ਸੱਟ ਮਾਰੀ ਹੈ। ਹਰ ਪਿੰਡ ਵਿਚ ਪਿਛਲੇ ਦੋ ਤਿੰਨ ਸਾਲਾਂ
ਤੋਂ ਪੰਜ ਤੋਂ ਦਸ ਪ੍ਰਤੀਸ਼ਤ ਦੇ ਹਿਸਾਬ ਨਾਲ ਕਿਸਾਨ ਪਰਿਵਾਰਾਂ ਦੀ ਗਿਣਤੀ ਵਿਚ ਵਾਧਾ ਹੋ
ਰਿਹਾ ਹੈ। ਲਾਣੇ ਟੁੱਟ ਰਹੇ ਹਨ ਅਤੇ ਇੱਕ ਤੋਂ ਦੋ ਤਿੰਨ ਹੋਣ ਕਰਕੇ ਪਰਿਵਾਰਾਂ ਦੀ ਗਿਣਤੀ
ਵਿਚ ਵਾਧਾ ਹੋ ਰਿਹਾ ਹੈ।
'ਰਾਏਖਾਨੇ' (ਬਠਿੰਡਾ) ਦਾ ਧੰਨਾ ਸਿੰਘ ਟੁੱਟ ਰਹੇ
ਕਿਸਾਨ ਪਰਿਵਾਰਾਂ ਦਾ ਲੇਖਾ ਜੋਖਾ ਕਰਦਿਆਂ ਆਖਦਾ ਐ, ''ਬਾਈ! ਮੈਂ ਤਾਂ ਆਂਹਦਾ ਆਂ ਕਿ
ਸਾਡੀ ਕਿਸਮਤ ਹੀ ਸਾਨੂੰ ਧੋਖਾ ਦੇ ਗਈ ਐ। ਜਿਹੜੇ ਵੀ ਛੋਹਰ ਦਾ ਵਿਆਹ ਹੋ ਗਿਆ ਉਹੀ ਦੂਏ
ਤੀਏ ਦਿਨ ਉਠ ਕੇ ਆਖਦੂ ਕਿ ਸਾਡੇ ਬੁੜ•ੇ ਨੂੰ ਤਾਂ ਅਕਲ ਈ ਨੀਂ। ਇਹ ਤਾਂ ਸਾਨੂੰ ਕਰਜੇ
ਵਿਚ ਈ ਰੋਲ ਦੂ। ਕਿਤੇ ਬਾਣੀਏ ਤੋਂ ਲਈ ਫਿਰਦਾ, ਕਿਤੇ ਬੈਂਕ ਤੋਂ ਲਈ ਫਿਰਦਾ, ਕਿਤੇ
ਸੋਸਾਇਟੀ ਤੋਂ ਲਈ ਫਿਰਦਾ, ਅਸੀਂ ਦਿਨ ਰਾਤ ਖੇਤਾਂ 'ਚ ਮਰੀਂ ਜਾਨੇ ਆਂ ਜਦੋਂ ਕਦੇ ਖਰਚ
ਪੱਤ ਲਈ ਪੈਸੇ ਪੁੱਛੀਦੇ ਐ ਤਾਂ ਆਖਦੂ ਬੜੀ ਤੰਗੀ ਐ। ਬਈ ਭਲਿਓ ਮਾਣਸੋ, ਹੁਣ ਬੁੜ•ਾ ਥੋਡਾ
ਕੀ ਕਰੇ ਉਹ ਤਾਂ ਪਹਿਲਾਂ ਹੀ ਚੱਕਰਾਂ ਵਿਚ ਐ। ਇਹਦਾ ਦਾ ਇਕੋ ਹੱਲ ਐ ਭਾਈ ਆਪਣੇ ਜਿਹੜੇ
ਚਾਰ ਸਿਆੜ ਆਉਂਦੇ ਐ, ਲੈ ਲਵੋ ਤੇ ਚੱਕੋ ਆਵਦਾ ਤਵਾ ਪਰਾਤ ਤੇ ਭਜਾਓ ਆਵਦੇ ਆਵਦੇ ਘੋੜੇ।''
ਦਿਨ ਬਦਿਨ ਦੀ ਡਾਵਾਂ ਡੋਲ ਆਰਥਿਕਤਾ ਨੇ ਨਰਮਾ ਪੱਟੀ ਦੇ ਸਾਂਝੇ ਪਰਿਵਾਰ ਦੀ ਸਮੂਹਿਕ
ਚੇਤਨਤਾ ਨੂੰ ਖੰਡਿਤ ਕਰਦਿਆਂ ਵਿਅਕਤੀਗਤ ਚੇਤਨਤਾ ਨੂੰ ਉਭਾਰਿਆ ਹੈ। ਇਸ ਵਿਅਕਤੀਗਤ
ਚੇਤਨਤਾ ਦੀ ਤ੍ਰਾਸਦੀ ਇਹ ਹੈ ਕਿ ਇਸ ਵਿਚ ਕੇਂਦਰੀ ਪੰਜਾਬ ਦੀ ਤਰਜ਼ ਵਾਲੀ ਸੂਝ ਤੇ ਯੋਜਨਾ
ਬੰਦੀ ਨਹੀਂ ਹੈ। ਇਸੇ ਕਰਕੇ ਮਾਲਵਾ ਪੱਟੀ ਦੇ ਨਰਮੇ ਖੇਤਰਾਂ ਵਿਚਲਾ ਨੌਜਵਾਨ ਵਰਗ ਜਦੋਂ
ਸਾਝੇਂ ਪਰਿਵਾਰ ਦੀ ਹੋਣੀ ਭੋਗਦਾ ਹੈ ਤਾਂ ਉਸ ਕੋਲ ਵਿਦਿਅਕ ਯੋਗਤਾ ਨਾਂ ਹੋਣ ਕਰਕੇ ਖੇਤੀ
ਕਰਨ ਤੋਂ ਸਿਵਾ ਹੋਰ ਕਿੱਤਾ ਅਪਨਾਉਣ ਦੀ ਯੋਗਤਾ ਹੀ ਨਹੀਂ ਹੁੰਦੀ। ਛੋਟੀ ਖੇਤੀ ਜਦੋਂ
ਉਸਨੂੰ ਆਰਥਿਕ ਪੱਖੋਂ ਖੁਦ ਕਫੀਲ ਨਹੀਂ ਕਰਦੀ ਤਾਂ ਉਹ ਬੇਵਸੀ ਦੇ ਆਲਮ ਵਿਚ ਪੋਸਤ ਭੁੱਕੀ
ਜਾਂ ਨਸ਼ੇ ਦੀਆਂ ਗੋਲੀਆਂ ਵੱਲ ਨੂੰ ਭੱਜਦਾ ਹੈ। ਨਰਮਾ ਖੇਤਰ ਵਿਚ ਪੋਸਤ ਜਾਂ ਨਸ਼ੇ ਦੀਆਂ
ਗੋਲੀਆਂ ਦਾ ਵਧ ਰਿਹਾ ਰੁਝਾਨ ਉਪਰੋਕਤ ਧਾਰਨਾ ਦੀ ਹਾਮੀ ਭਰਦਾ ਹੈ। ਬੇਸ਼ਕ ਸਮੁੱਚੇ ਪੰਜਾਬ
ਵਿਚ ਹੀ ਵਿਦਿਆ ਦੀ ਸਥਿਤੀ ਨਿਘਾਰ ਵਿਚ ਹੈ ਪ੍ਰੰਤੂ ਨਰਮਾ ਪੱਟੀ ਦਾ ਨਿਘਾਰ ਤ੍ਰਸਾਦਿਕ
ਸਥਿਤੀ ਵਿਚ ਦਿਖਾਈ ਦਿੰਦਾ ਹੈ।
ਪੰਜਾਬ ਵਿਚ ਪਹਿਲਾਂ ਹੀ ਪੜ•ਾਈ ਦੀ ਦਰ 58 ਪ੍ਰਤੀਸ਼ਤ
ਦੇ ਕਰੀਬ ਹੈ। ਪ੍ਰੰਤੂ ਨਰਮਾ ਪੱਟੀ ਵਿਚ ਇਹ 45 ਫੀਸਦੀ ਦੇ ਕਰੀਬ ਕਰੀਬ ਹੈ। ਔਰਤਾਂ ਤੇ
ਅਨੁਸੂਚਿਤ ਜਾਤੀਆਂ ਵਿਚ ਤਾਂ ਇਸ ਦੀ ਦਰ ਅਜੇ ਸੈਂਕੜੇ ਦਾ ਚੋਥਾ ਹਿੱਸਾ ਹੀ ਜਾਪਦੀ ਹੈ।
ਕਿਸੇ ਵੀ ਪਿੰਡ ਵਿਚ ਤੁਹਾਨੂੰ ਗਿਣਤੀ ਦੇ ਪੱਖੋਂ ਦੋ ਚਾਰ ਬੀ.ਏ, ਐਮ.ਏ ਪਾਸ ਲੱਭਣਗੇ।
ਅਤੇ ਨੌਕਰੀ ਪੇਸ਼ਾਂ ਲੋਕਾਂ ਦੀ ਤਾਦਾਦ ਤਾਂ ਆਟੇ ਵਿਚ ਲੂਣ ਦੇ ਬਰਾਬਰ ਹੈ। ਔਰਤਾਂ ਦੀ
ਸਥਿਤੀ ਪੜ•ਾਈ ਪੱਖੋਂ ਗੰਭੀਰ ਹੀ ਨਹੀਂ ਅਤਿ ਗੰਭੀਰ ਹੈ। ਜ਼ਿਆਦਾਤਰ ਪਿੰਡਾਂ ਵਿਚ ਔਰਤਾਂ
ਉਚੇਰੀ ਵਿਦਿਆ ਤੋਂ ਸੱਖਣੀਆਂ ਹਨ। ਪੜ•ਾਈ ਦੇ ਪੱਧਰ ਉਤੇ ਇਸ ਇਲਾਕੇ ਦੇ ਅਜੋਕੇ ਪਾੜਿ•ਆ
ਦੀ ਚੇਤਨਾ ਦਾ ਪੱਧਰ ਓਨਾ ਵਿਕਸਤ ਨਹੀਂ ਜਿੰਨਾ ਇਹ ਹੋਣਾ ਚਾਹੀਦਾ ਸੀ। ਟੈਲੀਵੀਜ਼ਨ,
ਅਖਬਾਰਾਂ ਤੇ ਭਖਦੇ ਮਸਲਿਆਂ ਬਾਬਤ ਗਿਆਨ ਦੇ ਸੋਮੇਂ ਰਸਾਲੇ ਅਜੇ ਵੀ ਆਮ ਲੋਕਾਂ ਦੀ ਪਹੁੰਚ
ਤੋਂ ਬਾਹਰ ਹਨ। 'ਡੇਲੂਆਣੇ' ਪਿੰਡ ਦਾ ਪੁਰਾਣਾ ਅਜ਼ਾਦੀ ਘੁਲਾਟੀਆ ਇਸ ਖੇਤਰ ਦੀ ਚੇਤਨਾ
ਬਾਬਤ ਗੱਲ ਕਰਦਿਆਂ ਜਦੋਂ ਆਖਦਾ ਹੈ, ''ਬਈ ਕਾਕਾ, ਭਾਵੇਂ ਇਹ ਇਲਾਕਾ ਪੜ•ਾਈ ਪੱਖੋਂ
ਪਿੱਛੇ ਹੀ ਸੀ ਪਰ ਆਪਣੇ ਹੱਕਾਂ ਖਾਤਰ ਇਥੋਂ ਦੇ ਲੋਕਾਂ ਨੇ ਵੱਡੇ ਵੱਡੇ ਜਗੀਰਦਾਰਾਂ ਨਾਲ
ਆਢ•ਾ ਲਾਇਆ ਏ। ਮੈਂ ਪਚਾਸੀ ਸਾਲ ਦਾ ਹੋ ਗਿਆਂ, ਅੱਜ ਵੀ ਨਵੀਂ ਪਨੀਰੀ ਨੂੰ ਕਹੀ ਦਾ ਬਈ
ਅਸੀਂ ਤਾਂ ਅਨਪੜ• ਹੁੰਦੇ ਹੋਏ ਵੀ ਆਪਣੇ ਹੱਕਾਂ ਤੇ ਪਹਿਰਾ ਦਿੱਤਾ ਹੈ, ਹੁਣ ਥੋਨੂੰ
ਪੜ•ਨਾ ਚਾਹੀਦਾ ਐ। ਇਹ ਕਿਸੇ ਦੀ ਮੰਨਣ ਵੀ, ਸਾਰਾ ਤਾਣਾ ਬਾਣਾ ਹੀ ਵਿਗੜ ਗਿਆ, ਕੋਈ
ਅਖਬਾਰ ਨਹੀਂ ਪੜ•ਦਾ, ਗਿਆਨ ਦੀ ਗੱਲ ਨਹੀਂ ਕਰਦਾ, ਸਾਡੇ ਪਿੰਡਾਂ ਵਿਚ ਤਾਂ ਕੋਈ ਟਾਵਾਂ
ਪਿੰਡ ਹੀ ਹੋਓੂ ਜਿਥੇ ਅਖਬਾਰ ਆਉਂਦਾ ਹੋਊ। ਬਾਕੀ ਸਕੂਲਾਂ ਦੀ ਪੜ•ਾਈ ਦੀ ਤਾਂ ਗੱਲ ਹੀ
ਛੱਡੋ, ਮੈਂ ਨੀਂ ਕਹਿੰਦਾ ਕੋਈ ਦਸਮੀਂ ਪੜਿ•ਆ ਸਾਫ਼ ਸਾਫ਼ ਪੰਜਾਬੀ ਵੀ ਲਿਖ ਲਵੇ, ਆਵਾ ਈ ਊਤ
ਗਿਆ। ਸਾਡੇ ਹੀ ਮੁੰਡੇ ਮਾਸਟਰ ਮਾਸਟਰਨੀਆਂ ਲੱਗਕੇ ਕਿਸੇ ਦੇ ਪੱਲੇ ਦੋ ਅੱਖਰ ਪਾਉਣ ਨੂੰ
ਤਿਆਰ ਨਹੀਂ। ਕੀਹਨੂੰ ਕਹੀਏ ਰਾਣੀਏ ਅੱਗਾ ਢਕ।'' ਤਾਂ ਲੱਗਦਾ ਹੈ ਕਿ ਉਹ ਸਮੁੱਚੀ ਨਰਮਾ
ਪੱਟੀ ਦੀ ਪੜ•ਾਈ ਦੇ ਪੱਧਰ ਦਾ ਵਿਸ਼ਲੇਸ਼ਣ ਕਰ ਰਿਹਾ ਹੋਵੇ। ਕਰਜ਼ੇ ਥੱਲੇ ਆਈ ਕਿਸਾਨੀ ਨੂੰ
ਆੜ•ਤੀਏ ਦੇ ਪੈਸਿਆਂ ਦਾ ਫਿਕਰ ਲੱਗਾ ਹੋਇਆ ਹੈ। ਇਸ ਨੂੰ ਘਟਾਉਣ ਖਾਤਰ ਉਹ ਸਰਕਾਰੀ ਬੈਕਾਂ
ਤੇ ਸਹਿਕਾਰੀ ਅਦਾਰਿਆਂ ਵਿੱਚੋਂ ਕਰਜ਼ਾ ਲੈ ਰਹੀ ਹੈ।
ਟੱਬਰ ਦੇ ਨਿਰਬਾਹ ਦੇ ਨਾਲ
ਨਾਲ ਵਿਆਹੁਣ ਯੋਗ ਧੀਆਂ ਪੁੱਤਰਾਂ ਦੇ ਵਿਆਹ ਦਾ ਫਿਕਰ ਵੱਢ ਵੱਢ ਖਾਈਂ ਜਾ ਰਿਹਾ ਹੈ।
ਪੰਜਾਬੀ ਸਭਿਆਚਾਰ ਵਿਚ ਮੁੰਡੇ ਕੁੜੀ ਦਾ ਵਿਆਹ ਉਮਰ ਸਿਰ ਕਰਨ ਬਾਬਤ ਆਮ ਵੇਰਵੇ ਲੋਕ
ਗੀਤਾਂ ਤੇ ਲੋਕ ਅਖਾਉਤਾਂ ਵਿਚ ਮਿਲਦੇ ਹਨ ਪਰ ਮਾਲਵਾ ਖੇਤਰ ਦੀ ਇਸ ਨਰਮਾ ਪੱਟੀ ਵਿਚ
ਪਿਛਲੇ ਦੋ ਤਿੰਨ ਸਾਲਾਂ ਤੋਂ ਜਿਸ ਪਿੰਡ ਵਿਚ ਪਹਿਲਾਂ ਅੋਸਤਨ ਪੰਦਰਾਂ ਵੀਹ ਵਿਆਹ ਹੁੰਦੇ
ਸਨ ਹੁਣ ਸਾਧਨਾਂ ਖੁਣੋਂ ਮਜਬੂਰ ਹੋਣ ਕਰਕੇ ਚਾਰ ਪੰਜ ਜਾਂ ਵੱਧ ਤੋਂ ਵੱਧ ਦਸ ਕੁ ਹੀ ਹੋ
ਰਹੇ ਹਨ। ਭਾਗਸਰ ਪਿੰਡ ਦੀ ਸੱਥ ਵਿਚੋਂ ਲੰਘ ਕੇ ਅੱਗੇ ਘਰੋ ਘਰੀ ਵਿਆਹ ਦੀ ਨਿਸ਼ਾਨੀ ਵੰਡਣ
ਜਾ ਰਹੇ ਕੁੜੀਆਂ ਦੇ ਟੋਲੇ ਵੱਲ ਨੂੰ ਵੇਖਦਿਆਂ ਬਜ਼ੁਰਗ ਮੱਘਰ ਸਿੰਘ ਦੀ ਆਖੀ ਗੱਲ, ''ਭਾਈ
ਜੋ ਤਨ ਲਾਗੇ ਸੋ ਤਨ ਜਾਣੇ,
ਆਹ ਧੀਆਂ ਧਿਆਣੀਆਂ ਨੂੰ ਵੇਖ ਕੇ ਕਾਲਜਾ ਉੱਪਰ ਨੂੰ
ਆਉਦਾਂ, ਇਹ ਸਹੁਰੀਆਂ ਜੇ ਮੂੰਹੋਂ ਨਹੀਂ ਆਂਹਦੀਆਂ ਤਾਂ ਦਿਲ ਵਿਚ ਤਾਂ ਇਹਨਾਂ ਦੇ ਗੱਲ
ਹੈਗੀ ਈ ਆ ਬਈ ਮਾਪਿਓ ਹੁਣ ਸਾਡੀ ਉਮਰ ਬਿਗਾਨੇ ਘਰ ਤੋਰਨ ਦੀ ਐ। ਹਰ ਕਿਸੇ ਦਾ ਪਹਿਨਣ ਖਾਣ
ਨੂੰ ਦਿਲ ਕਰਦਾ ਐ। ਪਰ ਕੀਤਾ ਵੀ ਕੀ ਜਾਏ, ਰੱਜ ਕੇ ਕੰਮ ਕਰਦੀਆਂ ਨੇ ਆਪਣੇ ਮਾਪਿਆਂ ਦੇ
ਘਰੇ, ਸਹੁਰੇ ਜਾਂਦੀਆ ਨੂੰ ਮਾੜਾ ਮੋਟਾ ਕਪੜਾ ਲੱਤਾ ਤੇ ਲੋੜਕੂ ਸਮਾਨ ਤਾਂ ਦੇਣਾ ਹੀ ਬਣਦਾ
ਐ। ਇਹਨਾਂ ਨੂੰ ਕੋਣ ਦਾਜ ਆਖਦੂ? ਇਹ ਤਾਂ ਇਹਨਾਂ ਦੀ ਵੀਹ ਸਾਲ ਦੀ ਕਮਾਈ ਦਾ ਮੁੱਲ ਵੀ
ਨਹੀਂ ਭਾਈ ਸਾਹਿਬ। ਪਰ ਹੁਣ ਕੀਤਾ ਵੀ ਕੀ ਜਾਵੇ, ਹਰ ਕੋਈ ਇਹੀ ਸੋਚਦਾ ਸਾਲ ਲੰਘਾਈ ਜਾਦਾਂ
ਐ ਬਈ ਅਗਲੇ ਸਾਲ ਜਦ ਹੱਥ ਸੌਖਾ ਹੋ ਗਿਆ ਤਾਂ ਵਿਆਹ ਕਰਦੂੰ। ਹੱਥ ਸੌਖਾ ਹੁੰਦਾ ਨੀ,
ਧੀਆਂ ਦਾ ਵਿਆਹ ਵੀ ਅੱਗੇ ਪਈ ਜਾਂਦਾ। ਕੀਹਦਾ ਜੀਅ ਕਰਦਾ ਉਹਦੇ ਜੁਆਕ ਦੀ ਉਮਰ ਵਿਆਹ ਦੀ
ਆਯੂ ਤੋ ਟੱਪ ਜਾਵੇ? ਪਰ ਕੀ ਕਰੀਏ, ਟੱਪੀ ਜਾਂਦੀ ਐ। ਦੱਸ ਕੌਣ ਕਹਿ ਸਕਦਾ ਐਹ ਕੁੜੀਆਂ
ਵਿਆਹੁਣ ਵਾਲੀਆਂ ਨੀ, ਭਾਵੇਂ ਅੱਜ ਵਿਆਹ ਦੇ।'' ਪੇਂਡੂ ਭਾਈਚਾਰੇ ਦੇ ਸਮਾਜਿਕ ਸੰਕਟ ਦਾ
ਕਾਰਨ ਆਰਥਿਕ ਸੰਕਟ ਦੇ ਸੰਦਰਭਾਂ ਵਿਚ ਪੇਸ਼ ਕਰਦੇ ਹਨ। ਸਰਕਾਰੀ ਤੇ ਸਹਿਕਾਰੀ ਬੈਕਾਂ ਦੀ
ਰਿਸ਼ਵਤ ਦੀ ਗੱਲ ਕਰਦਿਆਂ ਭਾਗਸਰ ਦਾ ਜੰਟਾ ਸਮੁੱਚੀ ਬੈਕਿੰਗ ਪ੍ਰਣਾਲੀ ਦੇ ਭ੍ਰਿਸ਼ਟਾਚਾਰ
ਨੂੰ ਨੰਗਾ ਕਰ ਦਿੰਦਾ ਹੈ। ''ਲੈ ਤੂੰ ਤਫਸੀਲ ਸੁਣਾਉਣ ਦੀ ਗੱਲ ਕਰਦਾ ਤਾਂ ਸੁਣ, ਇੰਜਣ ਦਾ
ਕਰਜ਼ਾ ਮਿਲਦੈ ਗਿਆਰਾਂ ਹਜ਼ਾਰ, ਪਰ ਇੰਜਣ ਕਿੰਨੇ ਦਾ ਹੁੰਦਾ ਐ, ਛੇ ਹਜ਼ਾਰ ਦਾ, ਬਾਕੀ ਪੰਜ
ਹਜ਼ਾਰ ਸਿੱਧਾ ਬੈਂਕਾਂ ਆਲੇ ਖਾਈ ਜਾਂਦੇ ਨੇ, ਜੱਟ ਸਿਰ ਕਰਜ਼ਾ ਪੁਰੇ ਦਾ ਪੂਰਾ। ਆਹ ਰੀਪਰ
ਜਿਥੋਂ ਮਰਜ਼ੀ ਲੈ ਲਓ, ਸਤਾਰਾਂ ਹਜ਼ਾਰ ਤੋਂ ਉੱਪਰ ਨੀ, ਇਹ ਲੋਨ ਦਿੰਦੇ ਨੇ ਛੱਬੀ ਹਜ਼ਾਰ ਦਾ,
ਵਿਚੋਂ ਸਿਧਾ ਈ ਨੌ ਹਜ਼ਾਰ ਖਾਈਂ ਜਾਂਦੇ ਨੇ, ਬੋਰ ਦਾ ਕਰਜ਼ਾ ਮਿਲਦਾ ਤਰਤਾਲੀ ਹਜ਼ਾਰ, ਬੋਰ
ਤੇ ਲੱਗਦੇ ਨੇ ਤੀਹ-ਬੱਤੀ ਹਜ਼ਾਰ, ਵਿਚੋਂ ਖਾਧੇ ਬਾਰਾਂ ਹਜ਼ਾਰ। ਕੀ ਕੀ ਦੱਸੀਏ। ਏਜੰਸੀ
ਵਿਚੋਂ ਨਵਾਂ ਟਰੈਕਟਰ ਸਿੱਧਾ ਈ ਪਟਿਆਲੇ ਦੇ ਕਬਾੜੀਏ ਸੱਤਰ ਹਜ਼ਾਰ ਘਾਟੇ ਤੇ ਲੈ ਜਾਂਦੇ
ਨੇ, ਜੱਟ ਸਿਰ ਕਰਜ਼ਾ ਪੂਰੇ ਦਾ ਪੂਰਾ ਢਾਈ ਲੱਖ, ਵੱਟਿਆ ਇਕ ਲੱਖ ਅੱਸੀ ਹਜ਼ਾਰ। ਹਰ ਪਿੰਡ
ਚੋਂ ਦੱਸ ਪੰਦਰਾਂ ਟਰੈਕਟਰ ਬਾਹਰੋਂ ਬਾਹਰ ਏਜੰਸੀ ਵਿਚੋਂ ਹੀ ਕਬਾੜੀਏ ਲੈ ਗੇ, ਹਰੇਕ ਜੱਟ
ਨੂੰ ਪੰਜਾਹ ਸੱਠ ਹਜ਼ਾਰ ਦਾ ਰਗੜਾ ਲੱਗਦਾ। ਬਾਕੀ ਦੇ ਪੈਸੇ ਬਾਣੀਆ ਲੈ ਜਾਂਦਾ ਐ। ਜੱਟ
ਹੋਗਿਆ ਢਾਈ ਲੱਖ ਦਾ ਕਰਜਾਈ। ਘਰ ਇਕ ਧੇਲਾ ਨੀ ਪਹੁੰਚਿਆ। ਹੋਰ ਦੇਖਣਾ ਤਾਂ ਟਰੈਕਟਰ ਦੀਆਂ
ਮੰਡੀਆਂ ਵਿਚ ਜਾਕੇ ਜੱਟਾਂ ਦੇ ਟਰੈਕਟਰ ਐਵੇਂ ਵਿਕਦੇ ਦੇਖ ਲਓ।'' ਕਿਸਾਨੀ ਦੀ ਦੁਰਦਸ਼ਾ
ਦੀ ਇਹ ਤਸਵੀਰ ਨੂੰ ਵੇਖਦਿਆਂ ਸਾਨੂੰ ਆਪ ਹੀ ਸਮਝ ਲੱਗ ਜਾਂਦੀ ਹੈ ਕਿ ਤਲਵੰਡੀ ਸਾਬੋ,
ਝੁਨੀਰ, ਬਰਨਾਲਾ, ਕੋਟਕਪੁਰਾ ਤੇ ਹੋਰ ਬਹੁਤ ਸਾਰੇ ਨਰਮਾ ਖੇਤਰਾਂ ਵਿਚ ਟਰੈਕਟਰ ਮੰਡੀਆਂ
ਲਗਦੀਆਂ ਹਨ। ਇਹਨਾਂ ਮੰਡੀਆਂ ਵਿਚ ਹਰ ਵਾਰੀ ਦੋ ਹਜ਼ਾਰ ਦੇ ਕਰੀਬ ਟਰੈਕਟਰ ਵਿਕਣ ਆਉਂਦੇ
ਹਨ।
ਨਰਮਾ ਖੇਤਰ ਦੀਆਂ ਮੰਡੀਆਂ ਵਿਚ ਕਪਾਹ ਵੇਲਣ ਦੀਆ ਸੈਕੜੇਂ ਮਿਲਾਂ ਹਜ਼ਾਰਾਂ
ਦੀਗਿਣਤੀ ਵਿਚ ਕਾਮਿਆਂ ਨੂੰ ਰੁਜ਼ਗਾਰ ਦਿੰਦੀਆਂ ਸਨ। ਪਰ ਅੱਜ ਸਥਿਤੀ ਇਹ ਹੈ ਕਿ ਇਹਨਾਂ
ਵਿਚੋਂ ਬਹੁਤੀਆ ਬੰਦ ਹੋ ਚੁੱਕੀਆਂ ਹਨ ਅਤੇ ਕਾਫੀ ਸਾਰੀਆਂ ਨੂੰ ਸ਼ੈਲਰਾਂ ਵਿਚ ਤਬਦੀਲ ਕੀਤਾ
ਜਾ ਰਿਹਾ ਹੈ। ਇਕ ਪਾਸਿਓਂ ਪੇਂਡੂ ਆਰਥਿਕਤਾ ਦੀ ਤਬਾਹੀ ਨੇ ਖੇਤ ਮਜ਼ਦੂਰ ਨੂੰ ਤਬਾਹ ਕਰ
ਦਿੱਤਾ ਹੈ ਤੇ ਦੂਜੇ ਪਾਸਿਓ ਉਦਯੋਗਿਕ ਖੇਤਰ ਦਾ ਮਜਦੂਰ ਵੀ ਵਿਹਲਾ ਹੋ ਗਿਆ ਜਾਪਦਾ ਹੈ।
ਵੱਡੇ ਪੱਧਰ ਦੇ ਉਦਯੋਗਾਂ ਜਾਣੀ ਥਰਮਲ ਪਲਾਂਟ, ਖਾਦ ਕਾਰਖਾਨਿਆਂ ਆਦਿ ਵਿਚ ਸਥਾਨਿਕ
ਮਜਦੂਰਾਂ ਦੀ ਸ਼ਮੂਲੀਅਤ ਪਹਿਲਾਂ ਹੀ ਘੱਟ ਹੈ ।
ਰੁਜਗਾਰ ਦੇ ਮਸਲੇ ਤੇ ਨਰਮਾ ਖੇਤਰ
ਦੇ ਕਿਸਾਨ, ਖੇਤ ਮਜਦੂਰ, ਉਦਯੋਗਿਕ ਖੇਤਰ ਦੇ ਮਜਦੂਰ ਤੇ ਔਰਤ ਵਰਗ ਨੂੰ ਕੋਈ ਰਾਹ ਨਹੀਂ
ਲੱਭ ਰਿਹਾ ਕਿ ਉਹ ਕਿੱਧਰ ਨੂੰ ਜਾਣ? ਦਰਵਾਜੇ ਸਭ ਪਾਸਿਓ ਬੰਦ ਹਨ। ਸਰਕਾਰ ਦੀ ਭੂਮਿਕਾ ਵੀ
ਕਿਸਾਨ ਤੇ ਮਜਦੂਰ ਪੱਖੀ ਨਹੀਂ ਜਾਪਦੀ। ਜ਼ਿਹਨ ਵਿਚ ਸਵਾਲ ਉਠਦਾ ਹੈ ਕਿ ਲੋਕ ਕਿੱਧਰ ਜਾਣ?
ਆਪਣੇ ਵਿਰਸੇ ਨਾਲ ਜੁੜਦੇ ਹੋਏ ਸਮੇਂ ਦੇ ਹਾਕਮਾਂ ਤੋਂ ਆਪਣੀ ਦੁਰਗਤੀ ਤੇ ਕੰਗਾਲੀ ਦੇ
ਕਾਰਨਾਂ ਦੇ ਜਵਾਬ
ਮੰਗਣ ਜਾਂ ਫਿਰ ਨਿਤਾਣੇ ਹੋਕੇ ਖੁਦਕਸ਼ੀਆਂ ਦੇ ਰਾਹ ਪੈਣ..........!!
(ਸੰਨ 1997)
ਪ੍ਰਕਾਸ਼ਕ : ਗੁਰਦੀਪ ਸਿੰਘ ਕੰਗ (98148-98050)
ਢਾਹਾ ਪੰਜਾਬੀ ਸੱਥ ਬਰਵਾਲੀ, ਫਤਹਿਗੜ• ਸਾਹਿਬ
ਫੋਨ : 01628-246240
ਕਾਦੂੰ ਦਾ ਕੀ ਅਰਥ ਹੈ?
ReplyDelete